ਮੁਟਿਆਰ ਨੇ ਮਾਪਿਆਂ ਤੋਂ ਵਿਛੜੀ ਬੱਚੀ ਦੀ ਸੁਰੱਖਿਆ ਲਈ ਕੀਤਾ ਸੰਘਰਸ਼
ਨਾਭਾ ਦੀ ਮੁਟਿਆਰ ਨੇ ਲੰਘੀ ਰਾਤ ਰੇਲਗੱਡੀ ’ਚ ਪਰਿਵਾਰ ਤੋਂ ਵਿਛੜੀ ਛੇ-ਸੱਤ ਸਾਲਾ ਬੱਚੀ ਦੀ ਸੁਰੱਖਿਆ ਲਈ ਕਈ ਘੰਟੇ ਸੰਘਰਸ਼ ਕਰਦਿਆਂ ਰਾਤ 12 ਵਜੇ ਤੱਕ ਪਹਿਰੇਦਾਰੀ ਕੀਤੀ। 26 ਸਾਲਾ ਲੜਕੀ ਨੇ ਨਾਮ ਜ਼ਾਹਿਰ ਨਾ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ...
ਨਾਭਾ ਦੀ ਮੁਟਿਆਰ ਨੇ ਲੰਘੀ ਰਾਤ ਰੇਲਗੱਡੀ ’ਚ ਪਰਿਵਾਰ ਤੋਂ ਵਿਛੜੀ ਛੇ-ਸੱਤ ਸਾਲਾ ਬੱਚੀ ਦੀ ਸੁਰੱਖਿਆ ਲਈ ਕਈ ਘੰਟੇ ਸੰਘਰਸ਼ ਕਰਦਿਆਂ ਰਾਤ 12 ਵਜੇ ਤੱਕ ਪਹਿਰੇਦਾਰੀ ਕੀਤੀ। 26 ਸਾਲਾ ਲੜਕੀ ਨੇ ਨਾਮ ਜ਼ਾਹਿਰ ਨਾ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਉਹ ਦਿੱਲੀ ਨੌਕਰੀ ਕਰਦੀ ਹੈ ਤੇ ਆਪਣੇ ਘਰ ਸਮਾਗਮ ਲਈ ਵਾਪਸ ਨਾਭੇ ਆ ਰਹੀ ਸੀ। ਪਟਿਆਲਾ ਪਹੁੰਚ ਕੇ ਰਾਤ 8 ਵਜੇ ਉਹ ਨਾਭਾ ਲਈ ਦੂਜੀ ਰੇਲਗੱਡੀ ’ਚ ਬੈਠੀ ਜਿੱਥੇ ਉਸ ਨੂੰ ਪਰਿਵਾਰ ਤੋਂ ਵਿਛੜੀ ਬੱਚੀ ਮਿਲੀ। ਲੜਕੀ ਮੁਤਾਬਕ ਰੇਲਗੱਡੀ ’ਚ ਸਵਾਰ ਧੂਰੀ ਜਾਣ ਵਾਲਾ ਨੌਜਵਾਨ ਬੱਚੀ ਨੂੰ ਪਰਿਵਾਰ ਨਾਲ ਮਿਲਾਉਣ ਦੀ ਗੱਲ ਆਖ ਕੇ ਨਾਲ ਲਿਜਾਣ ਲੱਗਾ ਪਰ ਸ਼ੱਕ ਹੋਣ ’ਤੇ ਉਸ ਨੇ ਬੱਚੀ ਨੂੰ ਆਪਣੇ ਕੋਲ ਰੱਖ ਲਿਆ। ਨੌਜਵਾਨ ਨਾਭਾ ਸਟੇਸ਼ਨ ’ਤੇ ਹੀ ਉੱਤਰ ਗਿਆ। ਇਸ ਮਗਰੋਂ ਉਸ ਨੇ ਬਾਲ ਸੁਰੱਖਿਆ ਹੈਲਪਲਾਈਨ ਤੋਂ ਨੰਬਰ ਲੈ ਕੇ ਪਟਿਆਲਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਥਾਣੇ ਜਾਣ ਦੀ ਸਲਾਹ ਦਿੱਤੀ। ਉਸ ਵੱਲੋਂ ਇਨਕਾਰ ਕਰਨ ’ਤੇ ਅਧਿਕਾਰੀ ਨੇ ਪਟਿਆਲਾ ਤੋਂ ਟੀਮ ਭੇਜਣ ਦੀ ਗੱਲ ਆਖੀ। ਉਸ ਨੂੰ ਪ੍ਰੇਸ਼ਾਨ ਦੇਖ ਕੇ ਸੇਵਾਮੁਕਤ ਮੁਲਾਜ਼ਮ ਨੇ ਮਦਦ ਲਈ ਇੱਕ ਪੱਤਰਕਾਰ ਨੂੰ ਬੁਲਾਇਆ। ਰਾਤ 11.15 ਵਜੇ ਲੜਕੀ ਤੇ ਪੱਤਰਕਾਰ ਨੇ ਮਾਮਲਾ ਡੀ ਸੀ ਪਟਿਆਲਾ ਦੇ ਧਿਆਨ ’ਚ ਲਿਆਂਦਾ। ਇਸ ਤੋਂ 15 ਮਿੰਟ ਮਗਰੋਂ ਨਾਭਾ ਕੋਤਵਾਲੀ ਤੋਂ ਪੁਲੀਸ ਪੁੱਜੀ ਤੇ ਬੱਚੀ ਨੂੰ ਪਟਿਆਲਾ ਦੇ ਮਾਤਾ ਕੌਸ਼ਲਿਆ ਹਸਪਤਾਲ ਦੇ ਸ਼ੌਰਟ ਸਟੇਅ ਹੋਮ ’ਚ ਲੈ ਗਈ। ਇਸ ਮਗਰੋਂ ਲੜਕੀ ਰਾਤ 12 ਵਜੇ ਘਰ ਨੂੰ ਗਈ।
ਬੱਚੀ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ: ਬਾਲ ਅਧਿਕਾਰੀ
ਪਟਿਆਲਾ ਜ਼ਿਲ੍ਹਾ ਬਾਲ ਅਧਿਕਾਰੀ ਰੂਪਵੰਤ ਕੌਰ ਨੇ ਦੱਸਿਆ ਕਿ ਪੀੜਤ ਬੱਚੀ ਕੋਲੋਂ ਉਸ ਦੇ ਨਾਮ ਜਾਂ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲੀਸ ਜਾਂਚ ਕਰ ਰਹੀ ਹੈ।

