ਨਸ਼ਿਆਂ ਵਿਰੁੱਧ ਯਾਤਰਾ: Punjab ਦੀ ਸਿਆਸੀ ਨਬਜ਼ ਟੋਹੇਗੀ ਭਾਜਪਾ
Punjab BJP: ਕੇਵਲ ਢਿੱਲੋਂ ਨੇ ਯਾਤਰਾ ਦੀ ਰਣਨੀਤੀ ਤੇ ਰੂਪ-ਰੇਖਾ ਸਾਂਝੀ ਕੀਤੀ
ਭਾਜਪਾ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 13 ਦਿਨਾ ‘ਨਸ਼ਾ ਮੁਕਤ ਪੰਜਾਬ ਯਾਤਰਾ’ ਜ਼ਰੀਏ ਪੰਜਾਬ ਦੇ ਲੋਕਾਂ ਦੀ ਸਿਆਸੀ ਨਬਜ਼ ਟੋਹੀ ਜਾਵੇਗੀ। ਇਸ ਯਾਤਰਾ ਨੂੰ 18 ਸਤੰਬਰ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਪਠਾਨਕੋਟ ਦੇ ਏਕਤਾ ਸਥਲ ਤੋਂ ਸ਼ੁਰੂ ਕਰਨਗੇ, ਜਦੋਂ ਕਿ ਸਮਾਪਤੀ ਸਮਾਗਮਾਂ ’ਚ 30 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਮੂਲੀਅਤ ਕਰਨਗੇ। ਨਸ਼ਿਆਂ ਵਿਰੁੱਧ ਯਾਤਰਾ ਸੂਬੇ ਦੇ 117 ਹਲਕਿਆਂ ਨੂੰ ਕਵਰ ਕਰੇਗੀ ਤੇ ਚਾਰ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਚੰਡੀਗੜ੍ਹ ’ਚ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਦੀ ਮੌਜੂਦਗੀ ’ਚ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਰਣਨੀਤੀ ਤੇ ਰੂਪ-ਰੇਖਾ ਦੇ ਵੇਰਵੇ ਸਾਂਝੇ ਕੀਤੇ। ਹਾਲਾਂਕਿ ਅੱਜ ਭਾਜਪਾ ਆਗੂਆਂ ਨੇ ਇਸ ਨੂੰ ਸਮਾਜਿਕ ਪ੍ਰੋਗਰਾਮ ਦੱਸਿਆ ਪਰ ਯਾਤਰਾ ’ਚ ਸਿਰਫ਼ ਨਸ਼ਿਆਂ ਦੇ ਮੁੱਦੇ ਦੀ ਹੀ ਨਹੀਂ ਬਲਕਿ ਅਮਨ-ਕਾਨੂੰਨ ਦੀ ਸਥਿਤੀ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਦੀ ਵੀ ਗੂੰਜ ਪਵੇਗੀ। ਦੇਖਿਆ ਜਾਵੇ ਤਾਂ ਭਾਜਪਾ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਉੱਤਰਨ ਤੋਂ ਪਹਿਲਾਂ ਪੰਜਾਬ ਦਾ ਇਸ ਯਾਤਰਾ ਰਾਹੀਂ ਸਿਆਸੀ ਰੌਂਅ ਜਾਣੇਗੀ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਅੰਦੋਲਨ ਮਗਰੋਂ ਦਿਹਾਤੀ ਪੰਜਾਬ ਦੇ ਲੋਕ ਮਨਾਂ ’ਚ ਭਾਜਪਾ ਨਾਲੋਂ ਦੂਰੀ ਬਣੀ ਹੋਈ ਹੈ। ਨਸ਼ਿਆਂ ਵਿਰੁੱਧ ਯਾਤਰਾ ਪਿੰਡਾਂ ’ਚੋਂ ਲੰਘੇਗੀ ਜਿਸ ਬਹਾਨੇ ਭਾਜਪਾ ਪੇਂਡੂ ਲੋਕਾਂ ਅਤੇ ਖ਼ਾਸ ਕਰ ਕੇ ਕਿਸਾਨਾਂ ਦੇ ਹੁੰਗਾਰੇ ਨੂੰ ਜਾਣਨ ਦੀ ਕੋਸ਼ਿਸ਼ ਕਰੇਗੀ। ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵੀ ਗੱਠਜੋੜ ਤੋਂ ਪਹਿਲਾਂ ਭਾਜਪਾ ਇਕੱਲੇ ਤੌਰ ’ਤੇ ਯਾਤਰਾ ’ਚ ਉੱਤਰ ਕੇ ਲੋਕ ਮਨਾਂ ਨੂੰ ਪੜ੍ਹਨ ਦੀ ਵੀ ਕੋਸ਼ਿਸ਼ ਕਰੇਗੀ। ਸਿਆਸੀ ਹਲਕੇ ਆਖਦੇ ਹਨ ਕਿ ਭਾਜਪਾ ਇਸ ਯਾਤਰਾ ਦੇ ਤੀਰ ਨਾਲ ਦੋ ਨਿਸ਼ਾਨੇ ਲਾਏਗੀ। ਭਾਜਪਾ ਹਰ ਸਟੇਜ ਤੋਂ ‘ਆਪ’ ’ਤੇ ਹੱਲੇ ਬੋਲੇਗੀ। ਭਾਜਪਾ ਆਗੂਆਂ ਨੇ ਅੱਜ ਦੱਸਿਆ ਕਿ ਸੂਬੇ ਦੇ ਚਾਰ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਥਾਵਾਂ ਤੋਂ ਯਾਤਰਾ ਸ਼ੁਰੂ ਹੋਵੇਗੀ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 18 ਸਤੰਬਰ ਨੂੰ ਪਠਾਨਕੋਟ ਦੇ ਏਕਤਾ ਸਥਲ ਤੋਂ ਯਾਤਰਾ ਦੇ ਮੁੱਖ ਰੱਥ ਨੂੰ ਹਰੀ ਝੰਡੀ ਦਿਖਾਉਣਗੇ। ਭਾਜਪਾ ਵੱਲੋਂ ਨਸ਼ਿਆਂ ਵਿਰੁੱਧ ਯਾਤਰਾ ਦਾ ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਨਾਅਰਾ ਦਿੱਤਾ ਗਿਆ ਹੈ। ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਇੱਕ ਯਾਤਰਾ 19 ਸਤੰਬਰ ਨੂੰ ਸ਼ੁਰੂ ਹੋਵੇਗੀ।
ਸਾਦਕੀ ਬਾਰਡਰ, ਫ਼ਾਜ਼ਿਲਕਾ ਤੋਂ 20 ਸਤੰਬਰ
ਨਸ਼ਾ ਤਸਕਰੀ ਦਾ ਨੈੱਟਵਰਕ ਤੋੜਾਂਗੇ: ਮਨਪ੍ਰੀਤ ਬਾਦਲ
ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨਸ਼ਿਆਂ ਦਾ ਖ਼ਾਤਮਾ ਤਸਕਰੀ ਦਾ ਨੈੱਟਵਰਕ ਤੋੜ ਕੇ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇੜੀਆਂ ’ਤੇ ਪੁਲੀਸ ਕੇਸ ਦਰਜ ਕਰ ਕੇ ਨਸ਼ੇ ਵਿਰੁੱਧ ਜੰਗ ਨਹੀਂ ਜਿੱਤੀ ਜਾ ਸਕਦੀ ਬਲਕਿ ਧਿਆਨ ਮੁੜ ਵਸੇਬਾ ’ਤੇ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇੱਕ ਐਂਟੀ ਡਰੱਗ ਇੰਟੈਲੀਜੈਂਸ ਗਰਿੱਡ ਬਣਾਏਗੀ।

