ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਥੇ ਅੱਜ ਇੱਕ ਨਿੱਜੀ ਟੀਵੀ ਨੂੰ ਦਿੱਤੀ ਇੰਟਰਵਿਊ ਦੌਰਾਨ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਿਰ 3 ਲੱਖ ਕਰੋੜ ਨਹੀਂ, ਸਗੋਂ 4 ਲੱਖ ਕਰੋੜ ਦਾ ਕਰਜ਼ਾ ਹੈ, ਜਿਸ ਬਾਰੇ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ‘ਵ੍ਹਾਈਟ ਪੇਪਰ’ ਵੀ ਜਾਰੀ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਂਦਰ ਤੋਂ 1 ਲੱਖ ਕਰੋੜ ਮੰਗਣ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਕੋਲ ਲੋਕਾਂ ਤੇ ਸਾਰੇ ਰਾਜਾਂ ਦਾ ਹੀ ਪੈਸਾ ਹੈ ਤੇ ਭਗਵੰਤ ਮਾਨ ਪੰਜਾਬ ਦੇ ਹਿੱਸੇ ਦਾ ਪੈਸਾ ਲੈਣ ਪ੍ਰਧਾਨ ਮੰਤਰੀ ਕੋਲ ਆਏ ਸਨ।