ਹਰਿਮੰਦਰ ਸਾਹਿਬ ਨੂੰ ਧਮਕੀ ਦੇਣ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦੇਵਾਂਗੇ: ਮਾਨ
ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦਾ ਐਲਾਨ ਛੇਤੀ: ਮੁੱਖ ਮੰਤਰੀ
Advertisement
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਹਰਿਮੰਦਰ ਸਾਹਿਬ ਨੂੰ ਬੰਬ ਦੀ ਧਮਕੀ ਦੇਣ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ, ਜਿਸ ਨੂੰ ਉਹ ਕਈ ਜਨਮਾਂ ਤੱਕ ਯਾਦ ਰੱਖਣਗੇ। ਉਨ੍ਹਾਂ ਕਿਹਾ ਕਿ ਧਮਕੀਆਂ ਦੇਣ ਵਾਲੇ ਵਿਅਕਤੀ ਦੀ ਸ਼ਨਾਖ਼ਤ ਹੋ ਗਈ ਹੈ ਅਤੇ ਸਰਕਾਰ ਅਜਿਹੀਆਂ ਧਮਕੀਆਂ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਥੇ ਬਲਵੰਤ ਗਾਰਗੀ ਲਾਇਬ੍ਰੇਰੀ ਦਾ ਉਦਘਾਟਨ ਕਰਨ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਇਹ ਗੱਲਾਂ ਆਖੀਆਂ। ਉਨ੍ਹਾਂ ਕਿਹਾ ਕਿ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦਾ ਐਲਾਨ ਛੇਤੀ ਕਰ ਦਿੱਤਾ ਜਾਵੇਗਾ। ਉਨ੍ਹਾਂ ਇਸ ਸਬੰਧੀ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਚ ਲੋਕਾਂ ਦੇ ਸਾਥ ਦੀ ਮੰਗ ਕੀਤੀ। ਲਾਇਬ੍ਰੇਰੀ ਦੇ ਉਦਘਾਟਨ ਮੌਕੇ ਆਪਣੇ ਸੰਬੋਧਨ ’ਚ ਮੁੱਖ ਮੰਤਰੀ ਨੇ ਦੱਸਿਆ ਕਿ ਹਲਕੇ ’ਚ ਕੁੱਲ 8 ਲਾਇਬ੍ਰੇਰੀਆਂ ਤਿਆਰ ਹੋ ਚੁੱਕੀਆਂ ਹਨ ਅਤੇ ਪ੍ਰਤੀ ਲਾਇਬ੍ਰੇਰੀ 35 ਲੱਖ ਰੁਪਏ ਦੇ ਲਗਪਗ ਖ਼ਰਚ ਆਇਆ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ’ਚ ਸਕੂਲੀ ਬੱਚਿਆਂ ਨੂੰ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਪੜ੍ਹਨ ਨੂੰ ਮਿਲਣਗੀਆਂ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਵਿਦਿਆਰਥੀਆਂ ਨੇ ਨੀਟ, ਜੇਈਈ ਸਮੇਤ ਦੇਸ਼ ਦੇ ਸਿਖਰਲੇ ਦਰਜੇ ਦੇ 10 ਟੈਸਟਾਂ ’ਚ ਮੱਲ੍ਹਾਂ ਮਾਰੀਆਂ ਹਨ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ, ਵਿਧਾਇਕ ਲਾਭ ਸਿੰਘ ਤੇ ਕੁਲਵੰਤ ਸਿੰਘ ਪੰਡੋਰੀ, ਸਰਪੰਚ ਨਾਜਮ ਸਿੰਘ ਸ਼ਹਿਣਾ, ਡਾਕਟਰ ਅਨਿਲ ਗਰਗ, ਅਮਰੀਕ ਸਿੰਘ ਬੀਕਾ ਪ੍ਰਧਾਨ ਮੰਦਰ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ।ਸ਼ਹਿਣਾ ’ਚ ਲਾਇਬ੍ਰੇਰੀ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
ਲੋਕਾਂ ਨੂੰ ਨੇੜੇ ਨਾ ਢੁੱਕਣ ਦਿੱਤਾ
Advertisement
ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ’ਤੇ ਪੱਤਰਕਾਰਾਂ, ਪੰਚਾਇਤ ਮੈਂਬਰਾਂ ਅਤੇ ਆਮ ਲੋਕਾਂ ਨੂੰ ਲਾਇਬ੍ਰੇਰੀ ਦੇ ਉਦਘਾਟਨ ਸਮੇਂ ਨੇੜੇ ਨਹੀਂ ਢੁੱਕਣ ਦਿੱਤਾ ਗਿਆ। ਇਸ ਮੌਕੇ ਦਿੱਲੀ ਦੀ ਟੀਮ ਪੂਰੀ ਤਰ੍ਹਾਂ ਹਾਵੀ ਰਹੀ। ਪੱਤਰਕਾਰ ਕਰੀਬ ਡੇਢ ਘੰਟੇ ਤੱਕ ਧੁੱਪ ’ਚ ਖੜ੍ਹੇ ਰਹੇ, ਜਿਸ ’ਤੇ ਉਨ੍ਹਾਂ ਆਪਣੀ ਨਾਰਾਜ਼ਗੀ ਜਤਾਈ ਹੈ। ਕਸਬੇ ਸ਼ਹਿਣਾ ਦਾ ਸਮਾਗਮ ਸੀ ਪ੍ਰੰਤੂ ਉਥੋਂ ਦੇ ਲੋਕਾਂ ਨੂੰ ਹੀ ਸਮਾਗਮ ਵਾਲੀ ਥਾਂ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ। ਸ਼ਹਿਣਾ ਦੇ ਅੱਧਾ ਦਰਜਨ ‘ਆਪ’ ਵਰਕਰਾਂ ਨੇ ਵੀ ਸਮਾਗਮ ਤੋਂ ਦੂਰੀ ਰੱਖੀ।
Advertisement