ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 5 ਦਸੰਬਰ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਕਿਹਾ ਕਿ ਭਾਜਪਾ ਨਾਲ ਆਗਾਮੀ ਚੋਣਾਂ ਦੇ ਮੱਦੇਨਜ਼ਰ ਅਗਾਊਂ ਸ਼ਰਤਾਂ ਰੱਖ ਕੇ ਗੱਠਜੋੜ ਕੀਤਾ ਜਾਵੇਗਾ। ਭਾਜਪਾ ਨਾਲ ਪੰਜਾਬ ਤੇ ਸਿੱਖ ਭਾਈਚਾਰੇ ਦੀਆਂ ਮੰਗਾਂ ਨੂੰ ਆਧਾਰ ਬਣਾ ਕੇ ਗੱਠਜੋੜ ਹੋਵੇਗਾ ਅਤੇ ਇਨ੍ਹਾਂ ਮੰਗਾਂ ਤੇ ਸ਼ਰਤਾਂ ਬਾਰੇ ਭਲਕੇ ਪਾਰਟੀ ਦੀ ਮੀਟਿੰਗ ਵਿਚ ਚਾਰਟਰ ਤਿਆਰ ਹੋਵੇਗਾ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਹੀ ਆਖ ਚੁੱਕੇ ਹਨ ਕਿ ਭਾਜਪਾ ਦੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਨਾਲ ਗੱਠਜੋੜ ਬਾਰੇ ਗੱਲਬਾਤ ਚੱਲ ਰਹੀ ਹੈ।
ਸ੍ਰੀ ਢੀਂਡਸਾ ਨੇ ਅੱਜ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਭਲਕੇ ਦੀ ਮੀਟਿੰਗ ਵਿਚ ਪਾਰਟੀ ਦੇ ਮੋਹਰੀ ਆਗੂਆਂ ਤੋਂ ਭਾਜਪਾ ਨਾਲ ਗੱਠਜੋੜ ਕਰਨ ਬਾਰੇ ਮਸ਼ਵਰਾ ਲਿਆ ਜਾਵੇਗਾ ਅਤੇ ਮੀਟਿੰਗ ’ਚ ਪੰਜਾਬ ਤੇ ਸਿੱਖ ਭਾਈਚਾਰੇ ਦੀਆਂ ਭਖਦੀਆਂ ਮੰਗਾਂ ਬਾਰੇ ਚਰਚਾ ਕੀਤੀ ਜਾਵੇਗੀ ਜਿਸ ਦੇ ਆਧਾਰ ’ਤੇ ਗੱਠਜੋੜ ਦੀ ਵਿਉਂਤ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਮੰਨਣਯੋਗ ਮੰਗਾਂ ਜਾਪਦੀਆਂ ਹੋਣਗੀਆਂ, ਉਨ੍ਹਾਂ ਨੂੰ ਹੀ ਮੁੱਖ ਤੌਰ ’ਤੇ ਭਾਜਪਾ ਅੱਗੇ ਰੱਖਿਆ ਜਾਵੇਗਾ। ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਕਈ ਆਗੂ ਭਾਜਪਾ ਨਾਲ ਗੱਠਜੋੜ ਕਰਨ ਤੋਂ ਝਿਜਕਦੇ ਹਨ ਅਤੇ ਉਨ੍ਹਾਂ ਦੀ ਤਰਜੀਹ ਆਮ ਆਦਮੀ ਪਾਰਟੀ ਹੈ। ਇਸੇ ਕਰਕੇ ਪਾਰਟੀ ਨੇ ਮੁੱਖ ਆਗੂਆਂ ਨੂੰ ਮੀਟਿੰਗ ਵਿਚ ਬੁਲਾਇਆ ਹੈ ਤਾਂ ਜੋ ਭਾਜਪਾ ਨਾਲ ਗੱਠਜੋੜ ਬਾਰੇ ਸਹਿਮਤੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ‘ਆਪ’ ਹੀ ਸੀ ਪਰ ‘ਆਪ’ ਆਗੂ ਉੱਚੇ ਚੜ੍ਹੇ ਹੋਏ ਸਨ।
ਉਨ੍ਹਾਂ ਕਿਹਾ ਕਿ ਭਲਕੇ ਮੀਟਿੰਗ ਵਿਚ ਸਭ ਦੀ ਰਾਇ ਜਾਣ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਇਸ ਗੱਲੋਂ ਇਨਕਾਰ ਕੀਤਾ ਕਿ ਅਗਲੇ ਹਫ਼ਤੇ ਉਨ੍ਹਾਂ ਦੀ ਕੋਈ ਮੀਟਿੰਗ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਤੈਅ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭਾਜਪਾ ਨਾਲ ਹਾਲੇ ਮੁੱਢਲੀ ਗੱਲ ਹੀ ਹੋਈ ਹੈ ਅਤੇ ਗੱਠਜੋੜ ਕਰਨ ਬਾਰੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਸੀਟਾਂ ਤੇ ਮੰਗਾਂ ਨੂੰ ਲੈ ਕੇ ਚਰਚਾ ਹੋਣੀ ਹੈ। ਉਸ ਮਗਰੋਂ ਹੀ ਅਖੀਰਲਾ ਫ਼ੈਸਲਾ ਲਿਆ ਜਾਵੇਗਾ।