ਕਾਂਗਰਸ ਵੱਲੋਂ ਕੀਤੀਆਂ ਗੈਰਕਾਨੂੰਨੀ ਨਿਯੁਕਤੀਆਂ ਰੱਦ ਕਰਾਂਗੇ: ਸੁਖਬੀਰ

ਕਾਂਗਰਸ ਵੱਲੋਂ ਕੀਤੀਆਂ ਗੈਰਕਾਨੂੰਨੀ ਨਿਯੁਕਤੀਆਂ ਰੱਦ ਕਰਾਂਗੇ: ਸੁਖਬੀਰ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੂਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਪੁਲੀਸ ਤੇ ਮਾਲ ਵਿਭਾਗ ਵਿਚ ਨੌਕਰੀ ਦੇ ਦਿੱਤੀ ਹੈ ਅਤੇ 2022 ਵਿਚ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ ’ਤੇ ਅਜਿਹੀਆਂ ਸਾਰੀਆਂ ਤਰਸ ਦੇ ਆਧਾਰ ’ਤੇ ਕੀਤੀਆਂ ਗੈਰਕਾਨੂੰਨੀ ਨਿਯੁਕਤੀਆਂ ਰੱਦ ਕੀਤੀਆਂ ਜਾਣਗੀਆਂ।

ਉਨ੍ਹਾਂ ਆਖਿਆ ਕਿ ਗਰੀਬ ਤੇ ਹੁਸ਼ਿਆਰ ਨੌਜਵਾਨ ਘਰ ਘਰ ਨੌਕਰੀ ਸਕੀਮ ਤਹਿਤ ਨੌਕਰੀਆਂ ਦੀ ਉਡੀਕ ਕਰ ਰਹੇ ਹਨ ਪਰ ਕਾਂਗਰਸ ਸਰਕਾਰ ਨੇ ਨਾਅਰਾ ਬਦਲ ਕੇ ਕੇਵਲ ਕਾਂਗਰਸ ਘਰ ਨੌਕਰੀ ਕਰ ਦਿੱਤਾ ਹੈ। ਪਹਿਲਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਜਾਅਲੀ ਤਰਸ ਦੇ ਆਧਾਰ ’ਤੇ ਡੀਐੱਸਪੀ ਲਾ ਦਿੱਤਾ ਗਿਆ ਤੇ ਹੁਣ ਇਸੇ ਤਰੀਕੇ ਜਾਅਲੀ ਤਰਸ ਦੇ ਆਧਾਰ ’ਤੇ ਕਾਂਗਰਸੀ ਵਿਧਾਇਕਾਂ ਫਤਿਹ ਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਕ੍ਰਮਵਾਰ ਇੰਸਪੈਕਟਰ ਤੇ ਨਾਇਬ ਤਹਿਸੀਲਦਾਰ ਲਗਾ ਦਿੱਤਾ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਧਾਇਕਾਂ ਦੇ ਬੱਚਿਆਂ ਨੂੰ ਸਿਰਫ ਇਸ ਆਧਾਰ ’ਤੇ ਨੌਕਰੀ ਨਹੀਂ ਦਿੱਤੀ ਜਾ ਸਕਦੀ ਕਿ ਉਨ੍ਹਾਂ ਦੇ ਦਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਨੇ ਪੰਜਾਬ ਵਿਚ ਕਾਂਗਰਸ ਪਾਰਟੀ ਵਿੱਚ ਚੱਲ ਰਹੇ ਕਲੇਸ਼ ਦੌਰਾਨ ਆਪਣੀ ਕੁਰਸੀ ਬਚਾਉਣ ਲਈ ਐਕਟ ਬਾਰੇ ਗਲਤ ਬਿਆਨੀ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All