Wife Murder: ਪਤੀ ਵੱਲੋਂ ਗਲਾ ਘੁਟ ਕੇ ਪਤਨੀ ਦਾ ਕਤਲ; ਵਾਰਦਾਤ ਤੋਂ ਬਾਅਦ ਮੁਲਜ਼ਮ ਫ਼ਰਾਰ
ਮਾਮਲਾ ਚਰਿੱਤਰ ’ਤੇ ਸ਼ੱਕ ਕਰਨ ਦਾ; ਬੱਚਿਆਂ ਨੂੰ ਪਹਿਲਾਂ ਹੀ ਛੱਡ ਆਇਆ ਸੀ ਰਿਸ਼ਤੇਦਾਰਾਂ ਦੇ ਘਰ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਕੋਟਭਾਈ ਅਧੀਨ ਪੈਂਦੇ ਪਿੰਡ ਖਿੜਕੀਆਂਵਾਲਾ ਵਿਖੇ ਚਰਿੱਤਰ ’ਤੇ ਸ਼ੱਕ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੁਟ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਮ੍ਰਿਤਕਾ ਦੇ ਪਤੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਖਿੜਕੀਆਂਵਾਲਾ ਦੇ ਸਰਪੰਚ ਤਰਸੇਮ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਨੀਲਾ ਸਿੰਘ ਮਿਸਤਰੀ ਦਾ ਵਿਆਹ ਕਰੀਬ 16 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਸਰਪੰਚ ਅਨੁਸਾਰ ਨੀਲਾ ਸਿੰਘ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ, ਜਿਸ ਕਰਕੇ ਘਰ ਵਿੱਚ ਅਕਸਰ ਲੜਾਈ-ਝਗੜਾ ਰਹਿੰਦਾ ਸੀ। ਲੜਾਈ ਤੋਂ ਤੰਗ ਆ ਕੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਡਰੋਂ ਪਤਨੀ 4-5 ਦਿਨ ਪਹਿਲਾਂ ਆਪਣੇ ਪੇਕੇ ਘਰ ਪਿੰਡ ਚੱਕ ਗਾਂਧਾ ਸਿੰਘ ਵਾਲਾ (ਥਾਣਾ ਬਰੀਵਾਲਾ) ਚਲੀ ਗਈ ਸੀ।
ਮਿਤੀ 04 ਅਕਤੂਬਰ 2026 ਨੂੰ ਜਦੋਂ ਨੀਲਾ ਸਿੰਘ ਦਾ ਪਿਤਾ ਘਰੋਂ ਬਾਹਰ ਗਿਆ ਹੋਇਆ ਸੀ, ਤਾਂ ਨੀਲਾ ਸਿੰਘ ਨੇ ਪਹਿਲਾਂ ਆਪਣੀ ਮਾਤਾ ਬਲਜਿੰਦਰ ਕੌਰ ਅਤੇ ਦੋਵਾਂ ਬੱਚਿਆਂ ਨੂੰ ਆਪਣੀ ਭੈਣ ਦੇ ਸਹੁਰੇ ਪਿੰਡ ਚੜੇਵਾਨ ਛੱਡ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਉਸ ਦੇ ਪੇਕੇ ਪਿੰਡੋਂ ਵਰਗਲਾ ਕੇ ਮੋਟਰਸਾਈਕਲ ’ਤੇ ਆਪਣੇ ਘਰ ਲਿਆਇਆ। ਬਾਅਦ ਦੁਪਹਿਰ ਉਸ ਨੇ ਆਪਣੀ ਪਤਨੀ ਦਾ ਗਲਾ ਘੁਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕੋਟਭਾਈ ਦੀ ਪੁਲੀਸ ਇੰਸਪੈਕਟਰ ਰਾਜਬੀਰ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ। ਪੁਲੀਸ ਨੇ ਸਰਪੰਚ ਤਰਸੇਮ ਸਿੰਘ ਦੇ ਬਿਆਨਾਂ ’ਤੇ ਨੀਲਾ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਮੌਕੇ ’ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ ਅਤੇ ਸਬੂਤਾਂ ਦੇ ਆਧਾਰ ’ਤੇ ਫ਼ਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

