ਪਰਮਜੀਤ ਸਿੰਘ
ਫਾਜ਼ਿਲਕਾ, 25 ਅਗਸਤ
ਸਰਹੱਦੀ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਿਹਾ। ਹੜ੍ਹਾਂ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਦੂਰ ਨੇੜੇ ਜਾਣ ਤੋਂ ਵੀ ਮੁਥਾਜ ਹੋ ਗਏ ਹਨ। ਪਸ਼ੂਆਂ ਲਈ ਹਰਾ ਚਾਰਾ ਲਿਆਉਣ ਲਈ ਵੀ ਕਿਸਾਨਾਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾਉਣੀ ਪੈ ਰਹੀ ਹੈ। ਇਨ੍ਹਾਂ ਪਿੰਡਾਂ ਨੂੰ ਕਿਸ਼ਤੀਆਂ ਵੀ ਨਸੀਬ ਨਹੀਂ ਹੋ ਰਹੀਆਂ। ਸਥਾਨਕ ਨੌਜਵਾਨਾਂ ਨੇ ਦੱਸਿਆ ਕਿ ਕਾਵਾਂਵਾਲੀ ਪੱਤਣ ’ਤੇ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁਨ ਹਰੇ ਚਾਰੇ ਦੀ ਸੇਵਾ ਕਰਕੇ ਗਏ ਹਨ, ਪਰ ਉਨ੍ਹਾਂ ਨੂੰ ਇਹ ਹਰਾ ਚਾਰਾ ਲਿਆਉਣ ਲਈ ਕਿਸ਼ਤੀਆਂ ਹੀ ਨਹੀਂ ਮਿਲ ਰਹੀਆਂ। ਕੁਝ ਨੌਜਵਾਨ ਆਪਣੀ ਜਾਨ ਜੋਖ਼ਮ ’ਚ ਪਾ ਕੇ ਟਿਊਬਾਂ ਰਾਹੀਂ ਚਾਰਾ ਲਿਆ ਰਹੇ ਹਨ, ਪਰ ਇਹ ਕੰਮ ਹਰ ਕਿਸੇ ਦੇ ਵੱਸ ਦਾ ਨਹੀਂ ਹੈ। ਉਨ੍ਹਾਂ ਰੋਸ ਜਤਾਇਆ ਕਿ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੜ੍ਹਾਂ ਦੀ ਮਾਰ ਝੱਲਣ ਵਾਲੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਆਸ ਸੀ ਕਿ ਸਥਾਨਕ ਪ੍ਰਸ਼ਾਸਨ ਤੋਂ ਮਦਦ ਮਿਲੇਗੀ, ਪਰ ਇਸ ਲੋੜ ਦੇ ਵੇਲੇ ਪ੍ਰਸ਼ਾਸਨ ਨੇ ਵੀ ਆਪਣੇ ਹੱਥ ਖਿੱਚ ਲਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਨਿ੍ਹਾਂ ਲੋਕਾਂ ਦੀ ਮਦਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਮਦਦ ਲਈ ਹਾਲੇ ਤੱਕ ਕੋਈ ਨਹੀਂ ਬਹੁੜਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਸੀਬਤ ’ਚ ਫਸੇ ਸਥਾਨਕ ਲੋਕਾਂ ਦੀ ਤੁਰੰਤ ਮਦਦ ਕੀਤੀ ਜਾਵੇ।