ਚਰਨਜੀਤ ਭੁੱਲਰ
ਚੰਡੀਗੜ੍ਹ, 15 ਅਪਰੈਲ
ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਣਕ ਦੀ ਖਰੀਦ ਦੇ ਦੁਰਪ੍ਰਬੰਧਾਂ ਸਬੰਧੀ ਅੱਜ ਅਫ਼ਸਰਾਂ ਦੀ ਖਿਚਾਈ ਕੀਤੀ। ਬਾਰਦਾਨੇ ਦੀ ਕਮੀ ਕਾਰਨ ਉਹ ਖ਼ਫ਼ਾ ਦਿਖਾਈ ਦਿੱਤੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਅਤੇ ਖਰੀਦ ਏਜੰਸੀਆਂ ਨਾਲ ਵਰਚੁਅਲ ਮੀਟਿੰਗ ਕੀਤੀ, ਜਿਸ ਵਿੱਚ ਡੀਜੀਪੀ ਦਿਨਕਰ ਗੁਪਤਾ ਵੀ ਸ਼ਾਮਲ ਹੋਏ। ਮੀਟਿੰਗ ’ਚ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਵੇਲੇ 50 ਫ਼ੀਸਦੀ ਬਾਰਦਾਨਾ ਮੌਜੂਦ ਹੈ। ਜੇ ਫ਼ਸਲ ਦੇ ਅੰਬਾਰ ਲੱਗਦੇ ਹਨ ਤਾਂ ਇਹ ਬਾਰਦਾਨਾ ਘੱਟ ਪੈ ਜਾਣਾ ਹੈ। ਮੁੱਖ ਸਕੱਤਰ ਨੇ ਅੰਤਰਰਾਜੀ ਸਰਹੱਦਾਂ ’ਤੇ ਪੁਲੀਸ ਨਾਕੇ ਲਾਉਣ ਦੀ ਹਦਾਇਤ ਵੀ ਕੀਤੀ ਤਾਂ ਜੋ ਪੰਜਾਬ ਵਿੱਚ ਬਾਹਰੀ ਸੂਬਿਆਂ ਵਿੱਚੋਂ ਕਣਕ ਦੀ ਆਮਦ ਨਾ ਹੋ ਸਕੇ। ਵਿਭਾਗੀ ਟੀਮਾਂ ਨੂੰ ਵੀ ਸੀਮਾ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।