DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਕਣਕ ਦੀ ਚੁਕਾਈ: ਪੰਜਾਬ ਨੂੰ ਟਰੇਨਾਂ ਦੇਣ ’ਚ ਕੰਜੂਸੀ

ਕਣਕ ਦੀ ਚੁਕਾਈ ’ਚ ਦੇਰੀ ਕਾਰਨ ਅਨਾਜ ਭੰਡਾਰਨ ਦੀ ਨਵੀਂ ਮੁਸੀਬਤ; CM Bhagwant Mann ਨੇ 860 ਟਰੇਨਾਂ ਮੰਗੀਆਂ, ਪਰ ਮਿਲੀਆਂ ਸਿਰਫ਼ 146

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement
ਕੇਂਦਰ ਸਰਕਾਰ ਨੇ ਚਾਲੂ ਫ਼ਸਲੀ ਖ਼ਰੀਦ ਸੀਜ਼ਨ ਦੌਰਾਨ ਪੰਜਾਬ ’ਚੋਂ ਕਣਕ ਦੀ ਸਿੱਧੀ ਚੁਕਾਈ ਕਰਨ ਤੋਂ ਹੱਥ ਘੁੱਟ ਲਿਆ ਹੈ। ਪੰਜਾਬ ਲਈ ਅਨਾਜ ਭੰਡਾਰਨ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਨਵੇਂ ਚੌਲਾਂ ਲਈ ਪੰਜਾਬ ’ਚ ਕੋਈ ਜਗ੍ਹਾ ਹੀ ਨਹੀਂ ਬਚੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਰੀਦ ਸੀਜ਼ਨ ਦੌਰਾਨ ਕੇਂਦਰ ਸਰਕਾਰ ਤੋਂ ਕਣਕ ਦੀ ਸਿੱਧੀ ਚੁਕਾਈ ਲਈ 860 ਵਿਸ਼ੇਸ਼ ਗੱਡੀਆਂ ਮੰਗੀਆਂ ਸਨ ਪਰ ਸੂਬੇ ਨੂੰ ਸਿਰਫ 146 ਟਰੇਨਾਂ ਹੀ ਮਿਲੀਆਂ ਹਨ।

ਕਣਕ ਦੇ ਚਾਲੂ ਖ਼ਰੀਦ ਸੀਜ਼ਨ ਦੀ ਸਮਾਪਤੀ ’ਚ ਸਿਰਫ਼ ਦਸ ਦਿਨ ਬਚੇ ਹਨ। ਪੰਜਾਬ ਸਰਕਾਰ ਨੇ ਐਤਕੀਂ 122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿਥਿਆ ਸੀ ਅਤੇ ਹੁਣ ਤੱਕ ਮੰਡੀਆਂ ’ਚ ਆਈ ਕੁੱਲ 121.65 ਲੱਖ ਮੀਟਰਿਕ ਟਨ ਕਣਕ ’ਚੋਂ 120.89 ਲੱਖ ਮੀਟਰਿਕ ਟਨ ਕਣਕ ਖ਼ਰੀਦੀ ਜਾ ਚੁੱਕੀ ਹੈ। ਪੰਜਾਬ ਸਰਕਾਰ ਨੇ ਅਨਾਜ ਭੰਡਾਰਨ ਦੇ ਸੰਕਟ ਨਾਲ ਨਜਿੱਠਣ ਲਈ ਚਾਲੂ ਸੀਜ਼ਨ ਦੌਰਾਨ ਹੀ 22 ਲੱਖ ਮੀਟਰਿਕ ਟਨ ਕਣਕ ਦੀ ਸਿੱਧੀ ਚੁਕਾਈ ਵਾਸਤੇ ਟਰੇਨਾਂ ਦੀ ਮੰਗ ਕੀਤੀ ਸੀ।

Advertisement

ਵੇਰਵਿਆਂ ਅਨੁਸਾਰ ਪੰਜਾਬ ਨੂੰ ਅੱਜ ਤੱਕ ਸਿੱਧੀ ਚੁਕਾਈ ਲਈ ਸਿਰਫ਼ 146 ਟਰੇਨਾਂ ਹੀ ਮਿਲੀਆਂ ਹਨ ਅਤੇ ਹੁਣ ਤੱਕ ਪੰਜਾਬ ’ਚੋਂ 4.25 ਲੱਖ ਮੀਟਰਿਕ ਟਨ ਕਣਕ ਸਿੱਧੀ ਚੁਕਾਈ ਤਹਿਤ ਭੇਜੀ ਗਈ ਹੈ। ਕਣਕ ਦੇ ਸੀਜ਼ਨ ਦੌਰਾਨ ਸਿੱਧੀ ਚੁਕਾਈ ਲਈ ਪੰਜਾਬ ਨੂੰ ਰੋਜ਼ਾਨਾ ਔਸਤਨ ਤਿੰਨ ਤੋਂ ਪੰਜ ਟਰੇਨਾਂ ਮਿਲੀਆਂ; ਪਿਛਲੇ ਸਾਲ ਪ੍ਰਤੀ ਦਿਨ 18 ਤੋਂ 20 ਟਰੇਨਾਂ ਲੋਡ ਹੁੰਦੀਆਂ ਸਨ। ਮਈ ਦੇ ਪਹਿਲੇ ਪੰਜ ਦਿਨਾਂ ’ਚ ਸਿਰਫ਼ 40 ਹਜ਼ਾਰ ਕਣਕ ਦੀ ਹੀ ਸਿੱਧੀ ਚੁਕਾਈ ਹੋਈ ਹੈ। ਕੇਂਦਰ ਸਰਕਾਰ ਨੇ ਮਈ ਮਹੀਨੇ ’ਚ 6.50 ਲੱਖ ਮੀਟਰਿਕ ਟਨ ਦੀ ਸਿੱਧੀ ਚੁਕਾਈ ਦਾ ਪਲਾਨ ਜਾਰੀ ਕੀਤਾ ਹੈ।

Advertisement

ਪੰਜਾਬ ਸਰਕਾਰ ਨੇ ਫ਼ਸਲ ਦੀ ਸਿੱਧੀ ਚੁਕਾਈ ਲਈ ਰੋਜ਼ਾਨਾ 30 ਟਰੇਨਾਂ ਦੇਣ ਦੀ ਮੰਗ ਕੀਤੀ ਸੀ। ਵੇਰਵਿਆਂ ਅਨੁਸਾਰ ਅਪਰੈਲ ਮਹੀਨੇ ’ਚ ਪੰਜਾਬ ’ਚੋਂ 3.30 ਲੱਖ ਮੀਟਰਿਕ ਟਨ ਕਣਕ ਦੀ ਸਿੱਧੀ ਚੁਕਾਈ ਹੋਈ ਹੈ; ਪਿਛਲੇ ਸਾਲ ਅਪਰੈਲ ਮਹੀਨੇ ’ਚ ਇਹੋ ਸਿੱਧੀ ਚੁਕਾਈ 7.50 ਲੱਖ ਮੀਟਰਿਕ ਟਨ ਦੀ ਰਹੀ ਸੀ। ਵੱਡੀ ਮੁਸ਼ਕਲ ਇਹ ਹੈ ਕਿ ਐਤਕੀਂ ਜਦੋਂ ਕਣਕ ਦੇ ਖ਼ਰੀਦ ਸੀਜ਼ਨ ਦੀ ਪਹਿਲੀ ਅਪਰੈਲ ਨੂੰ ਸ਼ੁਰੂਆਤ ਹੋਈ ਤਾਂ ਉਸ ਵੇਲੇ ਪੁਰਾਣੀ 38 ਲੱਖ ਮੀਟਰਿਕ ਟਨ ਕਣਕ ਦਾ ਸਟਾਕ ਪਿਆ ਸੀ। ਪਿਛਲੇ ਸਾਲ ਜਦੋਂ ਕਣਕ ਦੀ ਖ਼ਰੀਦ ਸ਼ੁਰੂ ਹੋਈ ਸੀ ਤਾਂ ਪੁਰਾਣੀ ਕਣਕ ਸਿਰਫ਼ 3 ਲੱਖ ਮੀਟਰਿਕ ਟਨ ਮੌਜੂਦ ਸੀ। ਇਸ ਤੋਂ ਇਲਾਵਾ ਚੌਲ ਮਿੱਲਾਂ ਵਿੱਚ ਪਏ ਝੋਨੇ ਦੀ ਛੜਾਈ ਤੋਂ ਬਾਅਦ ਤਿਆਰ ਹੋਣ ਵਾਲੇ 48 ਲੱਖ ਮੀਟਰਿਕ ਟਨ ਚੌਲ ਰੱਖਣ ਲਈ ਵੀ ਸੂਬੇ ਕੋਲ ਕੋਈ ਜਗ੍ਹਾ ਨਹੀਂ ਬਚੀ।

ਸਿਆਸਤ ਭਖਣ ਦੇ ਆਸਾਰ

ਕੁੱਝ ਸਮਾਂ ਪਹਿਲਾਂ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫ਼ਸਲ ਦੀ ਚੁਕਾਈ ਲਈ ਪੂਰੀਆਂ ਟਰੇਨਾਂ ਦੇਣ ਦਾ ਭਰੋਸਾ ਦਿੱਤਾ ਸੀ, ਪਰ ਜ਼ਮੀਨੀ ਪੱਧਰ ’ਤੇ ਇਸ ਦਾ ਕੋਈ ਅਸਰ ਨਹੀਂ ਦਿਸ ਰਿਹਾ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਦੂਜੇ ਸੂਬਿਆਂ ਵਿੱਚ ਕਣਕ ਦੀ ਪੈਦਾਵਾਰ ਵਧਣ ਕਾਰਨ ਪੰਜਾਬ ਦੀ ਕਣਕ ਦੀ ਲੋੜ ਘਟ ਰਹੀ ਹੈ। ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਕੇਂਦਰ ਵੱਲੋਂ ਪੰਜਾਬ ਨਾਲ ਕੀਤਾ ਜਾ ਰਿਹਾ ਵਿਤਕਰਾ ਦੱਸ ਰਹੇ ਹਨ। ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ‘ਆਪ’ ਸਰਕਾਰ ਇਸ ਮੁੱਦੇ ਨੂੰ ਵੱਡੇ ਸਿਆਸੀ ਹਥਿਆਰ ਵਜੋਂ ਵਰਤ ਸਕਦੀ ਹੈ, ਜਿਸ ਨਾਲ ਕੇਂਦਰ ਅਤੇ ਰਾਜ ਵਿਚਾਲੇ ਟਕਰਾਅ ਵਧਣ ਦੇ ਅਸਾਰ ਹਨ।

Advertisement
×