ਪੱਤਰ ਪ੍ਰੇਰਕ
ਰੂਪਨਗਰ, 14 ਸਤੰਬਰ
ਸਾਈਕਲ ਉੱਤੇ ਭਾਰਤ ਸਮੇਤ ਅਨੇਕਾਂ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਪੰਜਾਬ ਅੰਦਰ ਆਧੁਨਿਕ ਸਾਈਕਲਿੰਗ ਦਾ ਜਾਗ ਲਗਾਉਣ ਵਾਲੇ ਸਾਈਕਲ ਚਾਲਕ ਰਮਨਪ੍ਰੀਤ ਅਬਲੂ ਦਾ ਰੂਪਨਗਰ ਪੁੱਜਣ ’ਤੇ ਰੋਪੜ ਸਾਈਕਲਿੰਗ ਕਲੱਬ ਵੱਲੋਂ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ। ਰੋਪੜ ਸਾਈਕਲਿੰਗ ਕਲੱਬ ਦੇ ਮੋਢੀ ਮੈਂਬਰ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਰਮਨਪ੍ਰੀਤ ਹੁਣ ਤੱਕ ਕਸ਼ਮੀਰ ਤੋਂ ਕੰਨਿਆ ਕੁਮਾਰੀ, ਲੇਹ ਲੱਦਾਖ, ਸ੍ਰੀਲੰਕਾ, ਮਲੇਸ਼ੀਆ, ਥਾਈਲੈਂਡ ਆਦਿ ਤੱਕ ਸਾਈਕਲ ਯਾਤਰਾ ਕਰਕੇ ਆਪਣੇ ਬਠਿੰਡੇ ਜ਼ਿਲ੍ਹੇ ਅੰਦਰ ਸਥਿਤ ਅਬਲੂ ਪਿੰਡ ਦਾ ਨਾਮ ਸਾਈਕਲਿੰਗ ਖੇਤਰ ਅੰਦਰ ਵਿਸ਼ਵ ਪੱਧਰ ’ਤੇ ਚਮਕਾ ਚੁੱਕਿਆ ਹੈ। ਕਿੱਤੇ ਵਜੋਂ ਅਧਿਆਪਕ ਇਸ ਨੌਜਵਾਨ ਨੇ ਹੁਣ ਲੌਕਡਾਊਨ ਦੇ ਚੱਲਦੇ ਪੜਾਅ ਵਾਰ ਪੰਜਾਬ ਯਾਤਰਾ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਟੂਰ ਬਾਈਕ ਦੇਸ਼ ਭਰ ਅੰਦਰ ਕਿਤੇ ਵੀ ਉਪਲਬੱਧ ਨਹੀਂ ਹੈ,ਅਨੇਕਾਂ ਵਿਸ਼ੇਸ਼ ਸਹੂਲਤਾਂ ਨਾਲ ਲੈਸ ਡੇਢ ਲੱਖ ਰੁਪਏ ਦੇ ਕਰੀਬ ਲਾਗਤ ਨਾਲ ਤਿਆਰ ਇਸ ਸਾਈਕਲ ਦੇ ਵੱਖੋ ਵੱਖਰੇ ਪੁਰਜ਼ੇ ਵਿਦੇਸ਼ਾਂ ਤੋਂ ਮੰਗਵਾਉਣ ਉਪਰੰਤ ਇਸ ਨੂੰ ਇੱਥੇ ਤਿਆਰ ਕਰਵਾਇਆ ਗਿਆ ਹੈ।ਇਸ ਮੌਕੇ ਅਵਤਾਰ ਕ੍ਰਿਸ਼ਨ ਫਰੀਦਕੋਟੀਆ, ਸਿਮਰਨਜੀਤ ਸਿੰਘ ਸੀਂਹੋਮਾਜਰਾ, ਹਰਵਿੰਦਰ ਸਿੰਘ ਕੰਗ, ਸਿਮਰਨਜੀਤ ਸਿੰਘ ਰੱਕੜ ਹਾਜ਼ਰ ਸਨ।
ਰਮਨਪ੍ਰੀਤ ਅਬਲੂ ਮਾਵੀ ਫਾਰਮ ਵਿੱਚ ਪੁੱਜਿਆ
ਚਮਕੌਰ ਸਾਹਿਬ(ਨਿੱਜੀ ਪੱਤਰ ਪ੍ਰੇਰਕ): ਰਮਨਪ੍ਰੀਤ ਅਬਲੂ ਦਾ ਚਮਕੌਰ ਸਾਹਿਬ ਪਹੁੰਚਣ ’ਤੇ ਰੋਪੜ ਸਾਈਲਕਲਿੰਗ ਕਲੱਬ ਦੇ ਫਾਊਂਂਡਰ ਮੈਂਬਰ ਲੈਕਚਰਾਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਮਾਵੀ ਫਾਰਮ ਵਿੱਚ ਸਵਾਗਤ ਕੀਤਾ ਗਿਆ। ਰੋਪੜ ਸਾਈਕਲਿੰਗ ਕਲੱਬ ਦੇ ਮੋਢੀ ਮੈਂਬਰ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਰਮਨਪ੍ਰੀਤ ਹੁਣ ਤੱਕ ਪੂਰੇ ਭਾਰਤ ਸਮੇਤ ਏਸ਼ੀਆ ਦੇ ਕਈ ਦੇਸ਼ਾਂ ਦੀ ਸਾਈਕਲ ਯਾਤਰਾ ਸਫ਼ਲਤਾ ਪੂਰਬਕ ਕਰ ਚੁੱਕਿਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਹੀਰਾ, ਇੰਦਰਪਾਲ ਸਿੰਘ ਰਾਜੂ ਸਤਿਆਲ, ਸਿਮਰਨਜੀਤ ਸਿੰਘ ਰੱਕੜ, ਹਰਵਿੰਦਰ ਸਿੰਘ ਕੰਗ, ਸਿਮਰਨਜੀਤ ਸਿੰਘ, ਹਰਪ੍ਰੀਤ ਸਿੰਘ ਮਾਵੀ ਹਾਜ਼ਰ ਸਨ।