ਭਗਵੰਤ ਮਾਨ ਦੇ ਪਿੰਡ ’ਚ ਵਿਆਹ ਵਰਗਾ ਮਾਹੌਲ

ਮਾਨ ਨੇ ਮਸਤੂਆਣਾ ਸਾਹਿਬ ਮੱਥਾ ਟੇਕਣ ਮਗਰੋਂ ਸੁਣੇ ਨਤੀਜੇ; ਪਿੰਡ ਦੀਆਂ ਔਰਤਾਂ ਨੇ ਗਿੱਧਾ ਪਾ ਕੇ ਮਨਾਈ ਖੁਸ਼ੀ

ਭਗਵੰਤ ਮਾਨ ਦੇ ਪਿੰਡ ’ਚ ਵਿਆਹ ਵਰਗਾ ਮਾਹੌਲ

ਭਗਵੰਤ ਮਾਨ ਦੇ ਜੱਦੀ ਘਰ ਵਿੱਚ ਗਿੱਧਾ ਪਾ ਕੇ ਖੁਸ਼ੀ ਮਨਾਉਂਦੀਆਂ ਹੋਈਆਂ ਔਰਤਾਂ।

ਜਸਵੰਤ ਸਿੰਘ ਗਰੇਵਾਲ

ਚੀਮਾ ਮੰਡੀ, 10 ਮਾਰਚ

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ‘ਆਪ’ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿੱਚ ਅੱਜ ਵਿਆਹ ਵਾਲਾ ਮਾਹੌਲ ਹੈ। ਪਿੰਡ ਦੀਆਂ ਗਲੀਆਂ ਵਿਚ ਭਗਵੰਤ ਮਾਨ ਤੇ ਕੇਜਰੀਵਾਲ ਦੇ ਪੋਸਟਰ ਅਤੇ ‘ਆਪ’ ਦੀਆਂ ਝੰਡੀਆਂ ਲੱਗੀਆਂ ਹੋਈਆਂ ਹਨ। ਇਸ ਮੌਕੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਆਏ ਸਨ, ਜਿਸ ਮਗਰੋਂ ਪਿੰਡ ਵਿੱਚ ਮੇਲੇ ਵਰਗਾ ਮਾਹੌਲ ਬਣ ਗਿਆ। ਔਰਤਾਂ ਨੇ ਜਿੱਤ ਦੀ ਖੁਸ਼ੀ ਵਿੱਚ ਬੋਲੀਆਂ ਪਾ ਕੇ ਗਿੱਧਾ ਪਾਇਆ। ਨੌਜਵਾਨਾਂ ਨੇ ਵੀ ਟਰੈਕਟਰਾਂ ’ਤੇ ਗੀਤ ਲਾ ਕੇ ਭੰਗੜੇ ਪਾਏ। ਭਗਵੰਤ ਮਾਨ ਦੇ ਘਰ ਦਾ ਮਾਹੌਲ ਵੇਖਣ ਵਾਲਾ ਸੀ। ਭਾਵੇਂ ਘਰ ਵਿੱਚ ਪਰਿਵਾਰ ਦਾ ਕੋਈ ਮੈਂਬਰ ਹਾਜ਼ਰ ਨਹੀਂ ਸੀ, ਪਰ ਖੁਸ਼ੀ ਵਿੱਚ ਖੀਵੀਆਂ ਹੋਈਆਂ ਪਿੰਡ ਦੀਆਂ ਔਰਤਾਂ ਨੇ ਘਰ ਵਿੱਚ ਰੌਣਕ ਲਾਈ ਹੋਈ ਸੀ।

ਸੰਗਰੂਰ (ਗੁਰਦੀਪ ਸਿੰਘ ਲਾਲੀ): ਪੰਜਾਬ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ ਮਿਲੀ ਵੱਡੀ ਜਿੱਤ ਮਗਰੋਂ ਪਾਰਟੀ ਦੇ ਸੂਬਾ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦੇ ਘਰ ਜਸ਼ਨ ਦਾ ਮਾਹੌਲ ਹੈ। ਚੋਣ ਨਤੀਜਿਆਂ ’ਚ ਝਾੜੂ ਦੇ ਹੱਕ ਵਿੱਚ ਰੁਝਾਨ ਮਿਲਦਿਆਂ ਹੀ ਪਾਰਟੀ ਵਰਕਰ ਅਤੇ ਸਮਰਥਕ ਭਗਵੰਤ ਮਾਨ ਦੀ ਕੋਠੀ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਬਾਅਦ ਦੁਪਹਿਰ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ ਵੀ ਮਾਨ ਨੂੰ ਵਧਾਈਆਂ ਦੇਣ ਪਹੁੰਚੇ। ‘ਆਪ’ ਦੇ ਹੱਕ ਵਿੱਚ ਆਏ ਚੋਣ ਸਰਵੇਖਣਾਂ ਤੇ ਪਾਰਟੀ ਦੀ ਵੱਡੀ ਜਿੱਤ ਪ੍ਰਤੀ ਆਸਵੰਦ ਭਗਵੰਤ ਮਾਨ ਨੇ ਬੀਤੇ ਦਿਨ ਤੋਂ ਹੀ ਆਪਣੀ ਰਿਹਾਇਸ਼ ’ਤੇ ਜਿੱਤ ਦੇ ਜਸ਼ਨ ਮਨਾਉਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਸਨ। ਵੱਡੀ ਸਕਰੀਨ ’ਤੇ ਨਤੀਜੇ ਵੇਖੇ ਗਏ ਤੇ ਲੋਕਾਂ ਲਈ ਵੱਡਾ ਪੰਡਾਲ ਲਾਇਆ ਗਿਆ। ਪੰਡਾਲ ’ਚ ਵਾਰ ਵਾਰ ਪੰਜਾਬੀ ਗੀਤ ‘ਤੇਰੇ ਯਾਰ ਨੁੂੰ ਦੱਬਣ ਨੂੰ ਫਿਰਦੇ ਸੀ, ਪਰ ਦਬਦਾ ਕਿੱਥੇ ਐ’ ਦੇ ਬੋਲ ਗੂੰਜ ਰਹੇ ਸਨ। ਜਿੱਤ ਮਗਰੋਂ ਭਗਵੰਤ ਮਾਨ ਨੇ ਆਪਣੇ ਘਰ ਦੀ ਛੱਤ ’ਤੇ ਲੱਗੇ ਸਪੀਕਰਾਂ ਤੋਂ ਪਾਰਟੀ ਵਰਕਰਾਂ ਤੇ ਸਮਰਥਕਾਂ ਸਮੇਤ ਸਾਰੇ ਪੰਜਾਬ ਦੇ ਵਸਨੀਕਾਂ ਦਾ ਧੰਨਵਾਦ ਕੀਤਾ।

ਸ਼ੇਰਪੁਰ (ਬੀਰਬਲ ਰਿਸ਼ੀ): ਕਾਮੇਡੀ ’ਚ ਭਗਵੰਤ ਮਾਨ ਨਾਲ ਕੰਮ ਕਰ ਚੁੱਕੇ ਅਦਾਕਾਰ ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਨੇ ਪੰਜਾਬੀਆਂ ਨੂੰ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਜਿੱਤ ਦਿਵਾਉਣ ਲਈ ਵਧਾਈ ਸੰਦੇਸ਼ ਦਿੱਤਾ, ਜਦਕਿ ਲੋਕ ਗਾਇਕ ਹਰਜੀਤ ਹਰਮਨ ਅਤੇ ਹਰਮਨ ਰਣਵਿਜੇ ਨੇ ਵੀ ਇਸ ਸ਼ਾਨਾਮੱਤੀ ਜਿੱਤ ਦਿਵਾਉਣ ਬਦਲੇ ਲੋਕਾਂ ਦਾ ਧੰਨਵਾਦ ਕੀਤਾ।

ਮਸਤੂਆਣਾ ਸਾਹਿਬ (ਐੱਸ.ਐੱਸ ਸੱਤੀ): ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਅੰਮ੍ਰਿਤ ਵੇਲੇ ਭਗਵੰਤ ਮਾਨ ਨੇ ਆਪਣੇ ਸਾਥੀਆਂ ਸਣੇ ਪਹੁੰਚ ਕੇ ਮੱਥਾ ਟੇਕਿਆ, ਜਿਸ ਮਗਰੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਨਤੀਜੇ ਸੁਣੇ। ਚੋਣ ਜਿੱਤਣ ਤੋਂ ਬਾਅਦ ਵੀ ਭਗਵੰਤ ਮਾਨ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।

ਧੂਰੀ ਸੀਟ ’ਤੇ ਭਗਵੰਤ ਮਾਨ 58,206 ਵੋਟਾਂ ਦੇ ਫ਼ਰਕ ਨਾਲ ਜੇਤੂ

ਧੂਰੀ (ਹਰਦੀਪ ਸਿੰਘ ਸੋਢੀ): ਧੂਰੀ ਵਿਧਾਨ ਸਭਾ ਦੀ ਅਹਿਮ ਸੀਟ ਦੇ ਚੋਣ ਨਤੀਜਿਆਂ ਵਿੱਚ ਭਗਵੰਤ ਮਾਨ ਨੇ ਆਪਣੇ ਸਿਆਸੀ ਵਿਰੋਧੀ ਦਲਵੀਰ ਸਿੰਘ ਗੋਲਡੀ ਨੂੰ ਸਿੱਧੇ ਮੁਕਾਬਲੇ ਵਿੱਚ 58,206 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਨਤੀਜਿਆਂ ਅਨੁਸਾਰ ਧੂਰੀ ਹਲਕੇ ਵਿੱਚ ਕੁੱਲ 1,28,458 ਵੋਟਾਂ ਪੋਲ ਹੋਈਆਂ ਹਨ। ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵਜੋਂ ਉਮੀਦਵਾਰ ਭਗਵੰਤ ਮਾਨ ਨੂੰ 82,592 ਵੋਟਾਂ, ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ 24,386, ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਪ੍ਰਕਾਸ਼ ਚੰਦ ਗਰਗ ਨੂੰ 6,991, ਭਾਜਪਾ ਦੇ ਉਮੀਦਵਾਰ ਰਣਦੀਪ ਸਿੰਘ ਦਿਓਲ ਨੂੰ 5,436 ਵੋਟਾਂ ਪਈਆਂ।

ਕਾਂਗਰਸੀ ਤੇ ਅਕਾਲੀਆਂ ਦੇ ਮਧੋਲੇ ਪੰਜਾਬ ਨੂੰ ਲੀਹ ’ਤੇ ਲਿਆਵਾਂਗੇ: ਮਾਨ

ਸ਼ੇਰਪੁਰ (ਬੀਰਬਲ ਰਿਸ਼ੀ): ਭਗਵੰਤ ਮਾਨ ਨੇ ਵੱਡੀ ਲੀਡ ਲੈ ਕੇ ਪ੍ਰਾਪਤ ਕੀਤੀ ਸ਼ਾਨਾਮੱਤੀ ਜਿੱਤ ਮਗਰੋਂ ਕਿਹਾ ਕਿ ਕਾਂਗਰਸੀ ਤੇ ਅਕਾਲੀਆਂ ਦੇ ਮਧੋਲੇ ਪੰਜਾਬ ਨੂੰ ਪਟੜੀ ’ਤੇ ਚਾੜ੍ਹਾਂਗੇ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੂਰ ਕਰਨ, ਨੌਜਵਾਨਾਂ ਦੇ ਹੱਥਾਂ ’ਚੋਂ ਟੀਕੇ ਖੋਹ ਕੇ ਉਨ੍ਹਾਂ ਦੇ ਹੱਥਾਂ ’ਚ ਟਿਫ਼ਨ ਦੇਣ, ਵਿਦੇਸ਼ਾਂ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਜਾਂਦੇ ਨੌਜਵਾਨਾਂ ਨੂੰ ਇੱਥੇ ਹੀ ਉੱਚ ਪੜ੍ਹਾਈ ਤੇ ਨੌਕਰੀਆਂ ਦੇ ਮੌਕੇ ਦੇਣ ਦੇ ਹੀਲੇ ਪੈਦਾ ਕਰਾਂਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All