Weather Update: ਪੰਜਾਬ ਵਿੱਚ 38 ਫ਼ੀਸਦੀ ਘੱਟ ਪਿਆ ਮੀਂਹ; ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਮੌਨਸੂਨ ਦੀ ਦੇਰੀ ਨਾਲ ਆਮਦ ਨੇ ਵਿਗਾੜੇ ਅੰਕੜੇ, ਆਉਂਦੀ 6 ਅਤੇ 7 ਅਕਤੂਬਰ ਨੂੰ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਵਿੱਚ ਇਸ ਸਾਲ ਮੌਨਸੂਨ ਸੀਜ਼ਨ ਦੌਰਾਨ ਬਾਰਿਸ਼ ਆਮ ਨਾਲੋਂ ਕਾਫ਼ੀ ਘੱਟ ਰਹੀ। 1 ਜੂਨ ਤੋਂ 30 ਸਤੰਬਰ ਤੱਕ ਚੱਲੇ ਮੌਨਸੂਨ ਸੀਜ਼ਨ ਦੌਰਾਨ ਸੂਬੇ ਵਿੱਚ ਕੁੱਲ 272.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਇਸ ਸਮੇਂ ਦੌਰਾਨ ਆਮ ਤੌਰ ’ਤੇ 439.8 ਮਿਲੀਮੀਟਰ ਬਾਰਿਸ਼ ਹੁੰਦੀ ਹੈ। ਇਸ ਤਰ੍ਹਾਂ ਸੂਬੇ ਵਿੱਚ ਮੌਨਸੂਨ ਵਰਖਾ 38 ਫ਼ੀਸਦ ਘੱਟ ਦਰਜ ਕੀਤੀ ਗਈ ਹੈ।
ਪੀ ਏ ਯੂ (PAU) ਲੁਧਿਆਣਾ ਦੇ ਸਥਾਨਕ ਖੇਤਰੀ ਖੋਜ ਕੇਂਦਰ ਵਿਚਲੇ ਮੌਸਮ ਵਿਭਾਗ ਅਨੁਸਾਰ ਇਸ ਸਾਲ ਮੌਨਸੂਨ ਨੇ ਪੰਜਾਬ ਵਿੱਚ ਦਸਤਕ ਕੁਝ ਦੇਰੀ ਨਾਲ ਦਿੱਤੀ। 1 ਜੁਲਾਈ ਨੂੰ ਮੌਨਸੂਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਹੁੰਚਿਆ, ਜਦਕਿ 9 ਜੁਲਾਈ 2026 ਨੂੰ ਇਸ ਨੇ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੌਨਸੂਨ ਦੀ ਆਮਦ ਤੋਂ ਬਾਅਦ ਵੱਖ-ਵੱਖ ਸਮਿਆਂ ’ਤੇ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ, ਪਰ ਸਮੁੱਚੇ ਤੌਰ ’ਤੇ ਮੌਨਸੂਨੀ ਵਰਖਾ ਆਮ ਅੰਕੜੇ ਤੱਕ ਨਹੀਂ ਪਹੁੰਚ ਸਕੀ।
ਬਾਰਿਸ਼ ਦੀ ਘਾਟ ਦਾ ਅਸਰ ਖੇਤੀਬਾੜੀ ਸਮੇਤ ਪਾਣੀ ਦੇ ਸਰੋਤਾਂ ’ਤੇ ਵੀ ਪੈਣ ਦੀ ਸੰਭਾਵਨਾ ਰਹੀ। ਹਾਲਾਂਕਿ ਮੌਨਸੂਨ ਦੌਰਾਨ ਸਮੇਂ-ਸਮੇਂ ’ਤੇ ਹੋਈਆਂ ਬਾਰਿਸ਼ਾਂ ਨੇ ਫ਼ਸਲਾਂ ਨੂੰ ਰਾਹਤ ਵੀ ਦਿੱਤੀ, ਪਰ ਕੁੱਲ ਵਰਖਾ ਵਿੱਚ ਵੱਡੀ ਕਮੀ ਦਰਜ ਹੋਣ ਕਾਰਨ ਮੌਸਮ ਦਾ ਰੁਝਾਨ ਆਮ ਨਾਲੋਂ ਵੱਖਰਾ ਰਿਹਾ।
ਇਸ ਦੌਰਾਨ ਅਗਲੇ ਪੰਜ ਦਿਨਾਂ ਵਿੱਚ ਪੰਜਾਬ ਵਿੱਚ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ 6 ਅਤੇ 7 ਅਕਤੂਬਰ ਨੂੰ ਸੂਬੇ ਦੀਆਂ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਨਾਲ ਤਾਪਮਾਨ ਵਿੱਚ ਵੀ ਕੁਝ ਬਦਲਾਅ ਆ ਸਕਦਾ ਹੈ।

