ਅਸੀਂ ਬਣਾਵਾਂਗੇ ਪੰਜਾਬ ਨੂੰ ਅਸਲੀ ਨੰਬਰ ਵਨ: ਭਗਵੰਤ ਮਾਨ : The Tribune India

ਅਸੀਂ ਬਣਾਵਾਂਗੇ ਪੰਜਾਬ ਨੂੰ ਅਸਲੀ ਨੰਬਰ ਵਨ: ਭਗਵੰਤ ਮਾਨ

ਮੁੱਖ ਮੰਤਰੀ ਨੇ ਪ੍ਰਤਾਪ ਬਾਜਵਾ ਦੇ ਸੁਆਲਾਂ ਦੇ ਦਿੱਤੇ ਜੁਆਬ

ਅਸੀਂ ਬਣਾਵਾਂਗੇ ਪੰਜਾਬ ਨੂੰ ਅਸਲੀ ਨੰਬਰ ਵਨ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਹਿੱਸਾ ਲੈਣ ਜਾਂਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ

ਚਰਨਜੀਤ ਭੁੱਲਰ

ਚੰਡੀਗੜ੍ਹ, 24 ਜੂਨ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ‘ਪ੍ਰਸ਼ਨ ਕਾਲ’ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਸਿੱਖਿਆ ਖੇਤਰ ਵਿੱਚ ਕੌਮੀ ਪੱਧਰ ’ਤੇ ਅਸਲੀ ਨੰਬਰ ਵਨ ਬਣਾਉਣਗੇ। ਉਨ੍ਹਾਂ ਇਹ ਗੱਲ ਉਦੋਂ ਕਹੀ, ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਿਹੋਰਾ ਮਾਰਿਆ ਕਿ ਕੌਮੀ ਸਿੱਖਿਆ ਸਰਵੇਖਣ ਵਿੱਚ ਪੰਜਾਬ ਨੰਬਰ ਵਨ ਆਇਆ ਅਤੇ ਸੂਬਾ ਸਰਕਾਰ ਨੇ ਵਧਾਈ ਤੱਕ ਨਹੀਂ ਦਿੱਤੀ।

ਭਗਵੰਤ ਮਾਨ ਨੇ ਜੁਆਬ ਵਿੱਚ ਕਿਹਾ, ‘‘ਕੌਮੀ ਸਿੱਖਿਆ ਸਰਵੇਖਣ ਵਿੱਚ ਆਇਆ ਨੰਬਰ ਵਨ ਫਰਜ਼ੀ ਹੈ, ਅਸੀਂ ਤੁਹਾਨੂੰ ਅਸਲੀ ਨੰਬਰ ਵਨ ਬਣਾ ਕੇ ਦਿਖਾਵਾਂਗੇ।’’ ਉਨ੍ਹਾਂ ਕਿਹਾ, ‘‘ਤੁਸੀਂ ਕਿਸ ਨੂੰ ਨੰਬਰ ਵਨ ਦੱਸ ਰਹੇ ਹੋ। ਸਕੂਲਾਂ ਨੂੰ ਬਾਹਰੋਂ ਰੰਗ-ਰੋਗਨ ਕਰਨ ਨਾਲ ਸਕੂਲ ਸਮਾਰਟ ਨਹੀਂ ਬਣ ਜਾਂਦੇ।’’ ਮੁੱਖ ਮੰਤਰੀ ਨੇ ਕਿਹਾ ਕਿ ਸਕੂਲਾਂ ਦੇ ਅੰਦਰ ਕੀ ਚੱਲ ਰਿਹਾ, ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਅਧਿਆਪਕਾਂ ਦਾ ਪ੍ਰਬੰਧ ਹੈ, ਇਸ ਦੀ ਪੂਰਤੀ ਉਹ ਕਰਨਗੇ। ਬਾਜਵਾ ਨੇ ਪ੍ਰਸ਼ਨ ਕਾਲ ਵਿੱਚ ਕਿਹਾ ਕਿ ਕੌਮੀ ਸਰਵੇਖਣ ਵਿੱਚ ਪੰਜਾਬ ਦਾ ਪਹਿਲਾਂ ਨੰਬਰ ਸਰਕਾਰ ਨੂੰ ਪ੍ਰਵਾਨ ਕਰਨਾ ਚਾਹੀਦਾ ਸੀ। ਮੁੱਖ ਮੰਤਰੀ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਮਲੌਦ ਹਲਕੇ ਵਿੱਚ ਆਈਟੀਆਈ ਲਈ ਸਭ ਕਮੀਆਂ ਪੂਰੀਆਂ ਕੀਤੀਆਂ ਜਾਣਗੀਆਂ। ਵਿਧਾਇਕ ਕੁਲਜੀਤ ਰੰਧਾਵਾ ਦੇ ਸੁਆਲ ਦੇ ਜੁਆਬ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਟਰਾਂਸਪੋਰਟ ਨੀਤੀ ਦਾ ਨੋਟੀਫਿਕੇਸ਼ਨ 22 ਫਰਵਰੀ, 2018 ਨੂੰ ਜਾਰੀ ਕੀਤਾ ਜਾ ਚੁੱਕਿਆ ਹੈ। ਵਿਧਾਇਕ ਬਾਵਾ ਹੈਨਰੀ ਨੇ ਕਿਹਾ ਇੱਕ ਘਰਾਣੇ ਦੀਆਂ ਬੱਸਾਂ ਨਾਲ ਸਮੁੱਚੀ ਟਰਾਂਸਪੋਰਟ ਨੂੰ ਜੋੜ ਕੇ ਮਾਫੀਏ ਦਾ ਨਾਮ ਨਾ ਦਿੱਤਾ ਜਾਵੇ।

ਪ੍ਰਤਾਪ ਸਿੰਘ ਬਾਜਵਾ ਦੇ ਸੁਆਲ ਦੇ ਜੁਆਬ ਵਿੱਚ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ 31 ਮਈ, 2022 ਤੱਕ ਪੰਜਾਬ ਵਿੱਚ ਪ੍ਰਾਈਵੇਟ ਬੱਸ ਕੰਪਨੀਆਂ 34.52 ਕਰੋੜ ਦੀਆਂ ਡਿਫਾਲਟਰ ਹਨ। ਬਾਜਵਾ ਨੇ ਅਪੀਲ ਕੀਤੀ ਕਿ ਸਰਕਾਰ ਨੂੰ ਛੋਟੇ ਟਰਾਂਸਪੋਰਟਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਵਿਧਾਇਕਾ ਨੀਨਾ ਮਿੱਤਲ ਨੇ ਬਨੂੜ ਨੂੰ ਸਬ ਡਿਵੀਜ਼ਨ ਬਣਾਉਣ ਦੀ ਮੰਗ ਰੱਖੀ। ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਸੁਆਲ ਦੇ ਜੁਆਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬੇਸ਼ਕ ਸ਼ੁਤਰਾਣਾ ਹਲਕੇ ਵਿੱਚ ਬਹੁ-ਤਕਨੀਕੀ ਉੱਚ ਸਿੱਖਿਆ ਕਾਲਜ ਖੋਲ੍ਹੇ ਜਾਣ ਦੀ ਤਜਵੀਜ਼ ਨਹੀਂ ਹੈ ਪਰ ਕਿੱਤਾ ਮੁਖੀ ਸਿੱਖਿਆ ਨੂੰ ਪੰਜਾਬ ਦੇ ਹਰ ਕੋਨੇ ਵਿੱਚ ਪੁੱਜਦਾ ਕੀਤਾ ਜਾਵੇਗਾ।

ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਅਰਨੀਵਾਲਾ ਸਬ-ਤਹਿਸੀਲ ਵਿੱਚ ਜਲ ਘਰ ਦੀ ਉਸਾਰੀ ਬਾਰੇ ਸੁਆਲ ਰੱਖਿਆ, ਜਦਕਿ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਅਬੋਹਰ ਦੇ ਪਸ਼ੂ ਹਸਪਤਾਲ ਅਤੇ ਖੇਤਰੀ ਖੋਜ ਕੇਂਦਰ ਦਾ ਮਾਮਲਾ ਚੁੱਕਿਆ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਪੁੱਛੇ ਸੁਆਲ ਦੇ ਜੁਆਬ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ) ਲਈ 23.22 ਕਰੋੜ ਦੇ ਫੰਡ ਦੀ ਮੰਗ ਦੀ ਤਜਵੀਜ਼ ਵਿੱਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਅਤੇ ਫੰਡ ਮਿਲਣ ’ਤੇ ਮਾਰਗ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਸੁਆਲ ਦੇ ਜੁਆਬ ਵਿੱਚ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਰਦੂਲਗੜ੍ਹ ਹਲਕੇ ਦੀ ਮੂਸਾ ਬਰਾਂਚ, ਉੱਡਤ ਬਰਾਂਚ ਅਤੇ ਜਗਾ ਬਰਾਂਚ ਦੀਆਂ ਟੇਲਾਂ ਤੱਕ ਪਾਣੀ ਪੁੱਜਣਾ ਕਰਨ ਲਈ ਮੌਜੂਦਾ ਮਾਲੀ ਵਰ੍ਹੇ ਦੌਰਾਨ ਫੰਡ ਮੁਹੱਈਆ ਕਰਵਾ ਦਿੱਤੇ ਜਾਣਗੇ।

ਵਿਧਾਇਕਾ ਬਲਜਿੰਦਰ ਕੌਰ ਨੇ ਹਲਕਾ ਤਲਵੰਡੀ ਸਾਬੋ ਵਿੱਚ ਮੋਘਿਆਂ ਦੀ ਸਫ਼ਾਈ ਤੇ ਪਾਣੀ ਮੁਹੱਈਆ ਕਰਵਾਉਣ ਦੇ ਉਪਰਾਲਿਆਂ ’ਤੇ ਤਸੱਲੀ ਪ੍ਰਗਟਾਈ। ਸੰਦੀਪ ਜਾਖੜ ਨੇ ਸਰਹਿੰਦ ਫੀਡਰ ਦੀ 22 ਦਿਨ ਬੰਦੀ ਰਹਿਣ ਦੇ ਕਾਰਨ ਪੁੱਛੇ।

ਮੀਤ ਹੇਅਰ ਨੇ ਦਿਖਾਈ ਗਰਮੀ...

ਸਿੱਖਿਆ ਮੰਤਰੀ ਮੀਤ ਹੇਅਰ ਨੇ ਡਾ. ਚਰਨਜੀਤ ਸਿੰਘ ਵੱਲੋਂ ਪੁੱਛੇ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਮਾਸਟਰ ਕਾਡਰ ਅਤੇ ਈਟੀਟੀ ਦੀ ਭਰਤੀ ਦਾ ਕੰਮ ਚੱਲ ਰਿਹਾ ਹੈ। ਭਰਤੀ ਲਈ ਸਰਕਾਰ ਨੇ ਸ਼ੁਰੂ ਵਿੱਚ ਹੀ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਸੁਖਪਾਲ ਸਿੰਘ ਖਹਿਰਾ ਨੇ ਮੌਕਾ ਨਾ ਖੁੰਝਣ ਦਿੱਤਾ ਅਤੇ ਕਿਹਾ ਕਿ ਸੰਗਰੂਰ ਤੇ ਬਰਨਾਲਾ ਵਿੱਚ ਬੇਰੁਜ਼ਗਾਰ ਧਰਨੇ ਮਾਰ ਰਹੇ ਹਨ ਅਤੇ ਇਨ੍ਹਾਂ ਬੇਰੁਜ਼ਗਾਰਾਂ ਨੂੰ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਟੈਂਕੀਆਂ ਤੋਂ ਉਤਾਰਿਆ ਸੀ। ਜੁਆਬੀ ਹੱਲੇ ਵਿੱਚ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਇਹ ਰਿਵਾਜ ਬਣ ਗਿਆ ਸੀ ਕਿ ਵੋਟਾਂ ਤੋਂ ਪਹਿਲਾਂ ਅਸਾਮੀਆਂ ਕੱਢੀਆਂ ਜਾਂਦੀਆਂ ਸਨ, ਜਦੋਂ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲੇ ਵਰ੍ਹੇ ਹੀ ਅਸਾਮੀਆਂ ਕੱਢੀਆਂ ਹਨ। ਉਨ੍ਹਾਂ ਕਿਹਾ ਕਿ ਅਸਾਮੀਆਂ ਪਿਛਲੀ ਸਰਕਾਰ ਸਮੇਂ ਖਾਲੀ ਹੋਈਆਂ ਹਨ।

ਛੋਟੀ ਕਿਸਾਨੀ ਨੂੰ ਨਰੇਗਾ ਦਾ ਫਾਇਦਾ ਦਿਆਂਗੇ: ਧਾਲੀਵਾਲ

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਪੁੱਛੇ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਮਗਨਰੇਗਾ ਸਕੀਮ ਦਾ ਲਾਭ ਛੋਟੀ ਕਿਸਾਨੀ ਨੂੰ ਦੇਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਂਦੇ ਸਾਲਾਂ ਵਿੱਚ ਲੱਖਾਂ ਕਿਸਾਨਾਂ ਨੂੰ ਇਸ ਸਕੀਮ ਦਾ ਫਾਇਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੇਂਦਰੀ ਸਕੀਮ ਦਾ ਪਿਛਲੇ ਦਸ ਸਾਲਾਂ ਵਿੱਚ 251 ਕਿਸਾਨਾਂ ਨੇ ਲਾਭ ਲਿਆ ਹੈ ਪਰ ਉਨ੍ਹਾਂ ਨੇ ਹੁਣ ਗਰਾਮ ਸਭਾਵਾਂ ਵਿੱਚ ਇਸ ਬਾਰੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਵਿਧਾਇਕ ਕੁਲਵੰਤ ਪੰਡੋਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕੇਂਦਰੀ ਸਕੀਮਾਂ ਦਾ ਪੈਸਾ ਵਾਪਸ ਚਲਾ ਜਾਂਦਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All