DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਿਨ ਬੋਲਿਆਂ ਯੁੱਧ: ਘੂਰ ਘੂਰ ਕੇ ਕਿਉਂ ਵਿੰਹਦੇ ਹੋ...!

ਬਠਿੰਡਾ ’ਚ ਆਜ਼ਾਦੀ ਦਿਹਾੜੇ ਦੇ ਸਮਾਗਮ ’ਚ ਜਗਰੂਪ ਗਿੱਲ ਤੇ ਅਮਰਜੀਤ ਮਹਿਤਾ ਵਿਚਾਲੇ ਤਲਖ਼ੀ

  • fb
  • twitter
  • whatsapp
  • whatsapp
Advertisement

ਬਠਿੰਡਾ ’ਚ ਆਜ਼ਾਦੀ ਦਿਹਾੜੇ ਦੇ ਸਮਾਗਮ ਮੌਕੇ ਕੌਮੀ ਗੀਤ ਤੋਂ ਐਨ ਪਹਿਲਾਂ ਸਿਆਸੀ ਤਲਖ਼ੀ ਦੀ ਗੂੰਜ ਪਈ। ਜਦੋਂ ਸਮਾਗਮ ਸਿਖਰ ’ਤੇ ਪਹੁੰਚਿਆ ਤਾਂ ਹਲਕਾ ਵਿਧਾਇਕ ਜਗਰੂਪ ਗਿੱਲ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦਰਮਿਆਨ ਨਜ਼ਰਾਂ ਦਾ ਭੇੜ ਹੋਇਆ। ਵਿਧਾਇਕ ਜਗਰੂਪ ਗਿੱਲ ਨੇ ਏਨਾ ਘੂਰ ਕੇ ਅਮਰਜੀਤ ਮਹਿਤਾ ਵੱਲ ਵੇਖਿਆ ਕਿ ਸਭ ਹੱਕੇ ਬੱਕੇ ਰਹਿ ਗਏ। ਕੁਝ ਪਲਾਂ ਲਈ ਦੋਵੇਂ ਆਗੂਆਂ ਵਿਚਾਲੇ ਨਿਗਾਹਾਂ ਦਾ ਟਕਰਾਅ ਚੱਲਿਆ, ਜਿਸ ’ਚੋਂ ਇੱਕ-ਦੂਜੇ ਪ੍ਰਤੀ ਅੰਦਰੂਨੀ ਅੱਗ ਦੀ ਲਾਟ ਸਾਫ਼ ਦੇਖੀ ਜਾ ਸਕਦੀ ਸੀ।

ਬਠਿੰਡਾ ਦੇ ਸਟੇਡੀਅਮ ’ਚ ਜਿਉਂ ਹੀ ਸਮਾਗਮ ਖ਼ਤਮ ਹੋਇਆ ਤਾਂ ਰਾਸ਼ਟਰੀ ਗਾਨ ਲਈ ਮੁੱਖ ਮਹਿਮਾਨ ਹਰਦੀਪ ਸਿੰਘ ਮੁੰਡੀਆਂ ਸਮੇਤ ਸਭ ਮਹਿਮਾਨ ਖੜ੍ਹੇ ਹੋ ਗਏ। ਚਸ਼ਮਦੀਦਾਂ ਅਨੁਸਾਰ ਅਮਰਜੀਤ ਮਹਿਤਾ ਨੇ ਮੁੱਖ ਮਹਿਮਾਨ ਮੁੰਡੀਆਂ ਦੇ ਨੇੜੇ ਖੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਵਿਧਾਇਕ ਜਗਰੂਪ ਗਿੱਲ ਨੇ ਮਹਿਤਾ ਵੱਲ ਮੂੰਹ ਘੁਮਾ ਕੇ ਘੂਰੀ ਵੱਟੀ। ਅੱਗਿਓਂ ਸੁੰਨ ਹੋਏ ਮਹਿਤਾ ਵੀ ਗਿੱਲ ਵੱਲ ਟਿਕਟਿਕੀ ਲਾ ਕੇ ਵੇਖਣ ਲੱਗੇ। ਇਝ ਕੁੱਝ ਪਲ ਬਿਨਾਂ ਬੋਲਿਆਂ ਯੁੱਧ ਦੋਵੇਂ ਆਗੂਆਂ ਵਿਚਾਲੇ ਚੱਲਿਆ। ਹਾਵ-ਭਾਵ ਤੇ ਤੇਵਰਾਂ ਤੋਂ ਜਾਪਦਾ ਸੀ ਜਿਵੇਂ ਇੱਕ ਦੂਜੇ ਨੂੰ ਵੰਗਾਰ ਰਹੇ ਹੋਣ।

Advertisement

ਮਾਹੌਲ ’ਚ ਜਦ ਤਲਖ਼ੀ ਬਣ ਗਈ ਤਾਂ ਐਨ ਮੌਕੇ ’ਤੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਮੌਕਾ ਸੰਭਾਲ ਲਿਆ। ਉਹ ਗਿੱਲ ਤੇ ਮਹਿਤਾ ਦੇ ਐਨ ਵਿਚਾਲੇ ਫਸ ਕੇ ਖੜ੍ਹ ਗਏ। ਡੌਰ ਭੌਰ ਹੋਏ ਅਮਰਜੀਤ ਮਹਿਤਾ ਨੇ ਰਾਹਤ ਮਹਿਸੂਸ ਕੀਤੀ। ਆਖ਼ਰ ਮੁੱਖ ਮਹਿਮਾਨ ਮੁੰਡੀਆਂ ਨੇ ਅਮਰਜੀਤ ਮਹਿਤਾ ਨੂੰ ਆਪਣੇ ਸੱਜੇ ਹੱਥ ਬੁਲਾ ਲਿਆ। ਜਗਰੂਪ ਗਿੱਲ ਦੀਆਂ ਅੱਖਾਂ ’ਚੋਂ ਅੱਜ ਗੁੱਸਾ ਸਾਫ਼ ਝਲਕਿਆ। ਉਂਜ ਦੋਵੇਂ ਆਗੂਆਂ ਦੀ ਇੱਕ ਦੂਜੇ ਵੱਲ ਝਾਕਣੀ ਚੁਣੌਤੀ ਵਾਂਗ ਸੀ। ਜਗਰੂਪ ਗਿੱਲ ਬਤੌਰ ਵਿਧਾਇਕ ਪ੍ਰੋਟੋਕਾਲ ਦਾ ਹਵਾਲਾ ਦੇ ਕੇ ਮੁੱਖ ਮਹਿਮਾਨ ਨਾਲ ਸਟੇਜ ’ਤੇ ਬੈਠੇ ਵੀ ਸਨ। ਜਗਰੂਪ ਗਿੱਲ ਅਤੇ ਅਮਰਜੀਤ ਮਹਿਤਾ ਦੀ ਸਿਆਸੀ ਦੁਸ਼ਮਣੀ ਬਹੁਤੀ ਪੁਰਾਣੀ ਨਹੀਂ ਹੈ। ਨਗਰ ਨਿਗਮ ਚੋਣਾਂ ’ਚ ‘ਆਪ’ ਨੇ ਮਹਿਤਾ ਦੀ ਪੁਗਾਈ ਅਤੇ ਆਖ਼ਰ ਬਠਿੰਡਾ ਨਿਗਮ ਦੀ ਗੱਦੀ ’ਤੇ ਮਹਿਤਾ ਦਾ ਲੜਕਾ ਮੇਅਰ ਵਜੋਂ ਬੈਠਣ ’ਚ ਸਫਲ ਹੋ ਗਿਆ। ਵਿਧਾਇਕ ਜਗਰੂਪ ਗਿੱਲ ਆਪਣੀ ਨਾਰਾਜ਼ਗੀ ਪਹਿਲਾਂ ਵੀ ਜਨਤਕ ਤੌਰ ’ਤੇ ਜ਼ਾਹਰ ਕਰ ਚੁੱਕੇ ਹਨ। ਜਦੋਂ ਬਠਿੰਡਾ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ ਹੋਇਆ ਸੀ ਤਾਂ ਉਸ ਵੇਲੇ ਵੀ ਗਿੱਲ ਗ਼ੈਰ-ਹਾਜ਼ਰ ਸਨ। ਗਿੱਲ ਤੇ ਮਹਿਤਾ ਅੰਦਰ ਬਲਦੀ ਸਿਆਸੀ ਅੱਗ ਦਾ ਭਾਂਬੜ ਸਟੇਡੀਅਮ ’ਚ ਦੇਖਣ ਨੂੰ ਮਿਲਿਆ। ਮਗਰੋਂ ਗੀਤ ਜਨ ਗਨ ਮਨ ਦੀ ਸੁਰ ਨੇ ਦੋਵੇਂ ਆਗੂਆਂ ਨੂੰ ਸ਼ਾਂਤ ਕੀਤਾ।

Advertisement

ਵਿਅੰਗਕਾਰ ਸੂਬਾ ਸਿੰਘ ਲਿਖਦੇ ਹਨ ਕਿ, ‘‘ਕਾਹਨੂੰ ਮਹਿਫਲ ’ਚ ਸੱਦਕੇ ਘੂਰਦੇ ਹੋ, ਮੈਂ ਕੋਈ ਗੱਦੀਓਂ ਲੱਥਾ ਵਜ਼ੀਰ ਤਾਂ ਨਹੀਂ।’’ ਬਠਿੰਡਾ ਦੇ ਸਟੇਡੀਅਮ ’ਚ ਵਿਧਾਇਕ ਜਗਰੂਪ ਗਿੱਲ ਅਤੇ ਅਮਰਜੀਤ ਮਹਿਤਾ ਦੇ ਤੇਵਰ ਵੀ ਸ਼ਾਇਦ ਇਹੋ ਆਖ ਰਹੇ ਸਨ। ਪਤਾ ਲੱਗਿਆ ਹੈ ਕਿ ਜਦੋਂ ਸਮਾਗਮ ਚੱਲ ਰਿਹਾ ਸੀ ਤਾਂ ਮੁੱਖ ਮਹਿਮਾਨ ਦੇ ਇੱਕ ਪਾਸੇ ਵਿਧਾਇਕ ਅਮਿਤ ਰਤਨ ਕੋਟਫੱਤਾ ਬੈਠੇ ਸਨ। ਅਮਿਤ ਰਤਨ ਦਾ ਕਹਿਣਾ ਸੀ ਕਿ ਬਠਿੰਡਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮੁੱਖ ਮਹਿਮਾਨ ਦੀ ਨਾਲ ਵਾਲੀ ਕੁਰਸੀ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪ੍ਰੋਟੋਕਾਲ ਅਨੁਸਾਰ ਹੀ ਬੈਠੇ ਸਨ। ਸੂਤਰ ਦੱਸਦੇ ਹਨ ਕਿ ਸ਼ਾਇਦ ਮੁੱਖ ਮਹਿਮਾਨ ਦੇ ਨਾਲ ਵਾਲੀ ਕੁਰਸੀ ’ਤੇ ਅਮਰਜੀਤ ਮਹਿਤਾ ਨੂੰ ਬਿਠਾਏ ਜਾਣ ਦੀ ਵਿਉਂਤ ਬਣਾਈ ਜਾ ਰਹੀ ਸੀ। ਆਜ਼ਾਦੀ ਦਿਹਾੜੇ ਦੇ ਸਮਾਗਮ ’ਚ ਕੁਝ ਪਲਾਂ ਦੀ ਤਲਖ਼ ਤਸਵੀਰ ਹੁਣ ਸੋਸ਼ਲ ਮੀਡੀਆ ’ਚ ਤੇਜ਼ੀ ਨਾਲ ਘੁੰਮ ਰਹੀ ਹੈ।

Advertisement
×