ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਬੁਰੀ ਤਰ੍ਹਾਂ ਫਲਾਪ: ਕਰੀਮਪੁਰੀ

ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਕੇਂਦਰੀ ਸੂਬਾ ਇੰਚਾਰਜ ਵਿਪਲ ਕੁਮਾਰ ਸਣੇ ਸੂਬਾਈ ਆਗੂ ਪੁੱਜੇ
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 22 ਜੂਨ

Advertisement

ਬਹੁਜਨ ਸਮਾਜ ਪਾਰਟੀ ਵੱਲੋਂ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ‘ਜੋ ਜ਼ਮੀਨ ਸਰਕਾਰੀ ਹੈ, ਵੋ ਜ਼ਮੀਨ ਹਮਾਰੀ ਹੈ’ ਦੇ ਨਾਅਰੇ ਹੇਠ ਸਥਾਨਕ ਅਨਾਜ ਮੰਡੀ ਵਿੱਚ ‘ਪੰਜਾਬ ਸੰਭਾਲੋ ਰੈਲੀ’ ਕੀਤੀ ਗਈ। ਰੈਲੀ ਵਿੱਚ ਬਸਪਾ ਦੇ ਕੇਂਦਰੀ ਸੂਬਾ ਇੰਚਾਰਜ ਵਿਪਲ ਕੁਮਾਰ, ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਸ਼ਾਮਲ ਹੋਏ। ਬੁਲਾਰਿਆਂ ਨੇ ਪੰਜਾਬ ਨੂੰ ਬਚਾਉਣ ਲਈ ਹਰ ਵਰਗ ਦੇ ਲੋਕਾਂ ਨੂੰ ‘ਪੰਜਾਬ ਸੰਭਾਲੋ ਮੁਹਿੰਮ ’ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਡਾ. ਮੱਖਣ ਸਿੰਘ ਦੇ ਮੰਚ ਸੰਚਾਲਨ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਸ੍ਰੀ ਕਰੀਮਪੁਰੀ ਨੇ ਕਿਹਾ ਕਿ ਬਸਪਾ ਵੱਲੋਂ 15 ਮਾਰਚ ਨੂੰ ਕਾਂਸ਼ੀ ਰਾਮ ਦੇ ਜਨਮ ਦਿਨ ’ਤੇ ਫਗਵਾੜਾ ਦੀ ਧਰਤੀ ਤੋਂ ਸ਼ੁਰੂ ਕੀਤੀ ‘ਪੰਜਾਬ ਸੰਭਾਲੋ ਮੁਹਿੰਮ’ ਪੰਜਾਬ ਭਰ ਵਿਚ ਜਾਰੀ ਹੈ ਜੋ ਕਿਸਾਨਾਂ-ਮਜ਼ਦੂਰਾਂ ਨੂੰ ਇੱਕ ਮੰਚ ’ਤੇ ਲਿਆਉਣ ਅਤੇ ਇਸ ਵਰਗ ਦੇ ਮਸਲਿਆਂ ਦੇ ਹੱਲ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਂਝ ਤਾਂ ‘ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ’ ਗੀਤ ਗਾਉਂਦੇ ਹਨ ਪਰ ਜਦੋਂ ਸੰਗਰੂਰ ’ਚ ਕੰਮੀਆਂ ਨੇ ਰਾਜੇ ਦੀ ਜ਼ਮੀਨ ਦੀ ਮਾਲਕੀ ਦਾ ਹੱਕ ਲੈਣ ਲਈ ਸੰਘਰਸ਼ ਕੀਤਾ ਤਾਂ ਉਨ੍ਹਾਂ ’ਤੇ ਜਬਰ ਢਾਹਿਆ ਗਿਆ ਅਤੇ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ। ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿਚ 9 ਲੱਖ ਏਕੜ ਜ਼ਮੀਨ ਵਿਹਲੀ ਪਈ ਹੈ ਜਿਸ ਨੂੰ ਦਲਿਤਾਂ, ਪਛੜੇ ਅਤੇ ਬੇਜ਼ਮੀਨੇ ਲੋਕਾਂ ਵਿਚ ਵੰਡਣ ਦਾ ਕੰਮ ਬਸਪਾ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਤੱਕ 2 ਲੱਖ ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ ਜਿਸ ਲਈ ਅਕਾਲੀ-ਭਾਜਪਾ, ਕਾਂਗਰਸ ਅਤੇ ‘ਆਪ’ ਸਰਕਾਰਾਂ ਜ਼ਿੰਮੇਵਾਰ ਹਨ। ਕਰੀਮਪੁਰੀ ਨੇ ਦਾਅਵਾ ਕੀਤਾ ਕਿ ‘ਆਪ’ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ ’ ਮੁਹਿੰਮ ਬੁਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ। ਬਸਪਾ ਦੇ ਕੇਂਦਰੀ ਇੰਚਾਰਜ ਵਿਪਲ ਕੁਮਾਰ ਨੇ ਸਮਾਜਿਕ ਤਬਦੀਲੀ ਅਤੇ ਆਰਥਿਕ ਮਜ਼ਬੂਤੀ ਲਈ ਸ਼ੁਰੂ ਕੀਤੀ ‘ਪੰਜਾਬ ਸੰਭਾਲੋ ਮੁਹਿੰਮ’ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।

ਰੈਲੀ ’ਚ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ, ਜ਼ੋਨ ਇੰਚਾਰਜ ਜੋਗਾ ਸਿੰਘ ਪਨੌਦੀਆ, ਅਮਰਜੀਤ ਸਿੰਘ ਜਲੂਰ, ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸਤਿਗੁਰ ਸਿੰਘ ਕੌਹਰੀਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ ਸ਼ਾਮਲ ਸਨ।

Advertisement