ਵੋਟ ਚੋਰੀ ਨਹੀਂ, ਚੋਰਾਂ ਨੂੰ ਵੋਟ ਮਿਲਣੀ ਬੰਦ ਹੋਈ: ਅਨੁਰਾਗ ਠਾਕੁਰ
ਰਾਹੁਲ ਗਾਂਧੀ ਨੇ ਜਿੱਥੇ ਵੀ ਕਦਮ ਰੱਖੇ, ਕਾਂਗਰਸ ਦਾ ਸਫਾਇਆ ਹੋਇਆ
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਸਣੇ ਹੋਰਨਾਂ ਸਿਆਸੀ ਪਾਰਟੀਆਂ ਵੱਲੋਂ ਦੇਸ਼ ਵਿੱਚ ਵੋਟ ਚੋਰੀ ਦੇ ਲਗਾਏ ਜਾ ਰਹੇ ਦੋਸ਼ਾਂ ’ਤੇ ਅੱਜ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਨੂੰ ਵੋਟ ਚੋਰੀ ਦਾ ਨਾਮ ਦੇ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਜਦੋਂ ਕਿ ਦੇਸ਼ ਵਿੱਚ ਵੋਟ ਚੋਰੀ ਨਹੀਂ ਹੋਈ, ਬਲਕਿ ਚੋਰਾਂ ਨੂੰ ਵੋਟ ਮਿਲਣੇ ਬੰਦ ਹੋ ਗਏ ਹਨ। ਇਸੇ ਕਰਕੇ ਕਾਂਗਰਸ ਸਣੇ ਹੋਰ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਰਾਹੁਲ ਗਾਂਧੀ ਜਿੱਥੇ-ਜਿੱਥੇ ਜਾਂਦੇ ਹਨ, ਉੱਥੇ ਕਾਂਗਰਸ ਦਾ ਸਫਾਇਆ ਹੋ ਜਾਂਦਾ ਹੈ। ਇਸ ਤੋਂ ਬਾਅਦ ਕਾਂਗਰਸ ਵੱਲੋਂ ਪਹਿਲਾਂ ਈ ਵੀ ਐੱਮ ਅਤੇ ਹੁਣ ਐੱਸ ਆਈ ਆਰ ’ਤੇ ਸਵਾਲ ਚੁੱਕ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਮੁੱਖ ਉਦੇਸ਼ ਕਿਸੇ ਦਾ ਵੋਟ ਦਾ ਅਧਿਕਾਰ ਖੋਹਣਾ ਨਹੀਂ, ਸਗੋਂ ਦੇਸ਼ ਦੀਆਂ ਵੋਟਰ ਸੂਚੀਆਂ ਨੂੰ ਸ਼ੁੱਧ, ਪਾਰਦਰਸ਼ੀ ਅਤੇ ਗ਼ਲਤੀ ਰਹਿਤ ਬਣਾਉਣਾ ਹੈ। ਜਦੋਂ ਕਿ ਵਿਰੋਧੀ ਧਿਰਾਂ ਵੋਟਰ ਸੂਚੀ ਨੂੰ ਕਦੇ ਵੀ ਸਾਫ ਸੁਥਰੀ ਅਤੇ ਪਾਰਦਰਸ਼ੀ ਨਹੀਂ ਬਣਨ ਦੇਣਾ ਚਾਹੁੰਦੀਆਂ। ਇਸੇ ਲਈ ਕਾਂਗਰਸ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਲਗਭਗ 13 ਕਰੋੜ ਵੋਟਰਾਂ ਦੇ ਨਾਂ ਹਟਾਏ ਜਾਣ ਦਾ ਦੋਸ਼ ਲਗਾ ਕੇ ਦੇਸ਼ ਵਿੱਚ ਭਰਮ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦਕਿ ਅਸਲੀਅਤ ਇਹ ਹੈ ਕਿ ਵੋਟਰ ਸੂਚੀ ਵਿੱਚ ਮ੍ਰਿਤਕ, ਪੱਕੇ ਤੌਰ ’ਤੇ ਆਪਣਾ ਨਿਵਾਸ ਬਦਲ ਚੁੱਕੇ ਲੋਕਾਂ, ਗੈਰ-ਹਾਜ਼ਰ ਵੋਟਰਾਂ ਅਤੇ ਇੱਕ ਤੋਂ ਵੱਧ ਥਾਵਾਂ ’ਤੇ ਵੋਟ ਬਣਾਉਣ ਵਾਲਿਆਂ ਦੇ ਹੀ ਵੋਟ ਕੱਟੇ ਗਏ ਹਨ। ਐੱਸ ਆਈ ਆਰ ਦੌਰਾਨ ਚੋਣ ਕਮਿਸ਼ਨ ਦੇ ਅਧਿਕਾਰੀਆਂ ਤੋਂ ਇਲਾਵਾ ਸਾਰੀਆਂ ਰਾਜਸੀ ਪਾਰਟੀਆਂ ਦੇ ਬਲਾਕ ਲੈਵਲ ਏਜੰਟ (ਬੀ ਐੱਲ ਏ) ਵੀ ਨਾਲ ਤਾਇਨਾਤ ਕੀਤੇ ਗਏ ਸਨ। ਇਸ ਪ੍ਰਕਿਰਿਆ ਦੌਰਾਨ ਕਿਸੇ ਵੀ ਬੀ ਐੱਲ ਏ ਨੇ ਕੋਈ ਇਤਰਾਜ਼ ਦਰਜ ਨਹੀਂ ਕਰਵਾਇਆ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਜਨਰਲ ਸਕੱਤਰ ਰਾਮਵੀਰ ਭੱਟੀ, ਮੀਡੀਆ ਇੰਚਾਰਜ ਕੈਲਾਸ਼ ਚੰਦ ਜੈਨ ’ਤੇ ਹੋਰ ਆਗੂ ਮੌਜੂਦ ਰਹੇ।
ਪੰਜਾਬ ’ਚ ਵੋਟਰ ਸੂਚੀਆਂ ਦੇ ਖਰੜੇ ’ਚ 7 ਲੱਖ ਵੋਟਰ ਸ਼ਾਮਲ
ਅਨੁਰਾਗ ਠਾਕੁਰ ਨੇ ਪੰਜਾਬ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕੁੱਲ 2.15 ਕਰੋੜ ਵੋਟਰ ਸਨ, ਜਦੋਂ ਕਿ 13 ਅਗਸਤ ਨੂੰ ਵੋਟਰ ਸੂਚੀ ਦਾ ਖਰੜਾ ਪ੍ਰਕਾਸ਼ਿਤ ਹੋਇਆ ਤਾਂ ਵੋਟਾਂ ਦੀ ਗਿਣਤੀ ਘੱਟ ਕੇ 1.93 ਕਰੋੜ ਰਹਿ ਗਈ, ਜਦੋਂ ਕਿ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਗਈ ਅੰਤਿਮ ਵੋਟਰ ਸੂਚੀ ਵਿੱਚ ਵੋਟਰਾਂ ਦੀ ਗਿਣਤੀ ਵੱਧ ਕੇ 2.01 ਕਰੋੜ ਹੋ ਗਈ ਹੈ। ਇਸ ਵਿੱਚ 1.03 ਕਰੋੜ ਪੁਰਸ਼, 97.24 ਲੱਖ ਮਹਿਲਾ ਅਤੇ 506 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਸਪਸ਼ਟ ਹੈ ਕਿ ਵੋਟਰ ਸੂਚੀ ਦਾ ਖਰੜਾ ਜਾਰੀ ਕਰਨ ਤੋਂ ਬਾਅਦ ਵੀ 7.06 ਲੱਖ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ।

