ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 13 ਅਗਸਤ
ਇਥੋਂ ਨੇੜਲੇ ਪਿੰਡ ਹੁਸਨਰ ਤੋਂ ਗੁਰੂਸਰ ਜਾਂਦੀ ਸੜਕ ’ਤੇ ਅੱਜ ਨੌਜਵਾਨਾਂ ਦੇ ਦੋ ਧੜਿਆਂ ਵਿੱਚ ਆਪਣੇ ਸੈਂਕੜੇ ਹਮਾਇਤੀਆਂ ਦੀ ਮੌਜੂਦਗੀ ਵਿੱਚ ਹੋਏ ਟਕਰਾਅ ਦੇ ਹਿੰਸਕ ਰੂਪ ਧਾਰਨ ਕਰਨ ਕਰਕੇ 7 ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਇਕ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਅਤੇ ਦੂਜੇ ਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ। ਪੁਲੀਸ ਨੇ ਮੌਕੇ ਦਾ ਮੁਆਇਨਾ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਵਿੱਚ ਬੁੱਧਵਾਰ ਨੂੰ ਵੀ ਤਕਰਾਰ ਹੋਈ ਸੀ। ਦੋਵੇਂ ਧੜੇ ਅੱਜ ਪਿੰਡ ਹੁਸਨਰ ਤੋਂ ਪਿੰਡ ਗੁਰੂਸਰ ਨੂੰ ਜਾਂਦੀ ਸੜਕ ’ਤੇ ਨਹਿਰਾਂ ਦੇ ਪੁਲ ਨੇੜੇ ਅਬਾਦੀ ਤੋਂ ਦੂਰ ਮੁੜ ਖਹਬਿੜ ਪਏ। ਇਸ ਮੌਕੇ ਦੋਵੇਂ ਧਿਰਾਂ ਦੇ ਸੈਂਕੜੇ ਹਮਾਇਤੀ ਮੌਜੂਦ ਸਨ, ਜਿਨ੍ਹਾਂ ਇਕ-ਦੂਜੇ ’ਤੇ ਫਾਇਰਿੰਗ ਦੇ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ। ਇਨ੍ਹਾਂ ਨੌਜਵਾਨਾਂ ਵਿਚ ਪਿੰਡ ਗੁਰੂਸਰ, ਹੁਸਨਰ, ਮਧੀਰ ਆਦਿ ਤੋਂ ਇਲਾਵਾ ਹੋਰ ਕਈ ਪਿੰਡਾਂ ਦੇ ਨੌਜਵਾਨ ਸ਼ਾਮਲ ਹਨ। ਸਿਵਲ ਹਸਪਤਾਲ ਵਿੱਚ ਤਾਇਨਾਤ ਡਾ. ਧਰਿੰਦਰ ਗਰਗ ਨੇ ਦੱਸਿਆ ਕਿ 7 ਜ਼ਖ਼ਮੀਆਂ ਵਿਚੋਂ ਇਕ ਗੰਭੀਰ ਜ਼ਖ਼ਮੀ ਗੋਰਾ ਸਿੰਘ ਵਾਸੀ ਗੁਰੂਸਰ, ਜਿਸ ਦੇ ਢਿੱਡ ਵਿੱਚ ਗੋਲੀ ਵੱਜੀ ਹੈ, ਨੂੰ ਮੁੱਢਲੀ ਸਹਾਇਤਾ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਗੁਰਸੇਵਕ ਸਿੰਘ ਵਾਸੀ ਹੁਸਨਰ ਨੂੰ ਮੁੱਢਲੀ ਸਹਾਇਤਾ ਮਗਰੋਂ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਹੋਰਨਾਂ ਜ਼ਖ਼ਮੀਆਂ ਵਿੱਚ ਸ਼ਾਮਲ ਵਰਿੰਦਰ ਸਿੰਘ ਵਾਸੀ ਮਧੀਰ, ਬਲਜੀਤ ਸਿੰਘ ਵਾਸੀ ਔਲਖ, ਲਭਦੀਪ ਸਿੰਘ ਵਾਸੀ ਗਿੱਦੜਬਾਹਾ, ਮਨਪ੍ਰੀਤ ਸਿੰਘ ਵਾਸੀ ਲਾਲਬਾਈ ਤੇ ਅਜੈਪਾਲ ਸਿੰਘ ਵਾਸੀ ਗੁਰੂਸਰ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਜ਼ੇਰੇ ਇਲਾਜ ਹਨ। ਮੌਕੇ ’ਤੇ ਪਹੁੰਚੇ ਥਾਣਾ ਗਿੱਦੜਬਾਹਾ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਾਈ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਤੇ ਮੌਕੇ ਦੇ ਗਵਾਹਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।