ਪਿੰਡ ਨਾਲਾ ਨੂੰ ਪਾਣੀ ਦੇ ਤੇਜ਼ ਵਹਾਅ ਤੋਂ ਖ਼ਤਰਾ
ਕਿਸਾਨਾਂ ਦੀ ਸੈਂਕਡ਼ੇ ਏਕਡ਼ ਜ਼ਮੀਨ ਨੂੰ ਖੋਰਾ ਲੱਗਿਆ; ਤੁਰੰਤ ਬਚਾਅ ਕਾਰਜ ਸ਼ੁਰੂ ਕਰਨ ਦੀ ਮੰਗ
ਲਗਾਤਾਰ ਮੀਂਹ ਕਾਰਨ ਪਠਾਨਕੋਟ ਜ਼ਿਲ੍ਹੇ ਦੇ ਘਰੋਟਾ ਬਲਾਕ ਦੇ ਪਿੰਡ ਨਾਲਾ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਪਾਣੀ ਦੇ ਤੇਜ਼ ਵਹਾਅ ਕਾਰਨ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਪਿੰਡ ਵਾਸੀਆਂ ਦੇ ਸੱਦੇ ’ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਦਲਜੀਤ ਸਿੰਘ ਮੰਝਪੁਰ, ਉਂਕਾਰ ਸਿੰਘ, ਦੇਵੀ ਦਾਸ ਅਤੇ ਸੇਵਾ ਸਿੰਘ ਨਲੂੰਗਾ ਸਣੇ ਹੋਰ ਕਿਸਾਨ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਨਲੂਆ ਨਹਿਰ ਦੇ ਨਾਂ ਨਾਲ ਜਾਣੀ ਜਾਂਦੀ ਪਠਾਨਕੋਟ-ਧੀਰਾ ਨਹਿਰ ਵਿੱਚ ਮੀਂਹ ਦੇ ਪਾਣੀ ਕਾਰਨ ਤੇਜ਼ ਵਹਾਅ ਬਣਿਆ ਹੋਇਆ ਹੈ। ਇਸੇ ਤਰ੍ਹਾਂ ਬਗਿਆਲ ਪਿੰਡ ਤੋਂ ਨਿਕਲਦੀ ਅੱਪਰਬਾਰੀ ਦੁਆਬ ਨਹਿਰ ਦਾ ਪਾਣੀ ਵੀ ਇਕੱਠਾ ਹੋ ਕੇ ਪਿੰਡ ਨਾਲਾ ਵੱਲ ਵਹਿ ਰਿਹਾ ਹੈ। ਦੋਵਾਂ ਪਾਸਿਆਂ ਤੋਂ ਆ ਰਿਹਾ ਪਾਣੀ ਇੱਕ ਮੋੜ ਵਾਲੀ ਥਾਂ ’ਤੇ ਇਕੱਠਾ ਹੋ ਕੇ ਪਿੰਡ ਵੱਲ ਤੇਜ਼ੀ ਨਾਲ ਕਟਾਅ ਕਰ ਰਿਹਾ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਸੈਂਕੜੇ ਕਿਸਾਨਾਂ ਦੀ ਜ਼ਮੀਨ ਨੂੰ ਖੋਰਾ ਲੱਗ ਰਿਹਾ ਹੈ। ਪਿੰਡ ਨੂੰ ਜੋੜਨ ਵਾਲੀ ਲਿੰਕ ਸੜਕ ਵੀ ਪਾਣੀ ਦੀ ਲਪੇਟ ਵਿੱਚ ਆ ਗਈ ਹੈ, ਜਦ ਕਿ ਰਿਹਾਇਸ਼ੀ ਮਕਾਨਾਂ ਨੂੰ ਵੀ ਖ਼ਤਰਾ ਹੈ। ਜੇ ਪਾਣੀ ਦਾ ਰੁਖ਼ ਤੁਰੰਤ ਨਾ ਬਦਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪਿੰਡ ਅਤੇ ਖੇਤੀਯੋਗ ਜ਼ਮੀਨ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਦੋਆਬਾ ਕਿਸਾਨ ਕਮੇਟੀ ਪੰਜਾਬ ਅਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਣੀ ਦੇ ਰੁਖ਼ ਨੂੰ ਦੂਜੇ ਪਾਸੇ ਮੋੜਿਆ ਜਾਵੇ ਅਤੇ ਪਿੰਡ ਵੱਲ ਹੋ ਰਹੇ ਕਟਾਅ ਨੂੰ ਰੋਕਣ ਲਈ ਪੱਥਰਾਂ ਦੀਆਂ ਰੋਕਾਂ ਲਾਈਆਂ ਜਾਣ।

