ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ

ਸਿਹਤ ਵਿਭਾਗ ਨਾਲ ਸਬੰਧਤ 60 ਤੋਂ ਵੱਧ ਟੈਂਡਰ ਫਾਈਲਾਂ ਦੀ ਛਾਣ-ਬੀਣ ਸ਼ੁਰੂ

ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ

ਪੱਤਰ ਪ੍ਰੇਰਕ

ਐੱਸਏਐੱਸ ਨਗਰ (ਮੁਹਾਲੀ), 25 ਮਈ

ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ। ਪੁਲੀਸ ਦੀ ਮੁੱਢਲੀ ਤਫ਼ਤੀਸ਼ ਵਿੱਚ ਇਹ ਗੱਲ ਸਾਫ਼ ਹੋ ਗਈ ਹੈ ਕਿ ਸਿੰਗਲਾ ਦਾ ਭਾਣਜਾ ਹੀ ਉਸ ਲਈ ਰਿਸ਼ਵਤ ਰੂਪੀ ਕਮਿਸ਼ਨ ਲਈ ਦਲਾਲੀ ਦਾ ਕੰਮ ਕਰਦਾ ਸੀ। ਸਿਰ ’ਤੇ ਮੰਤਰੀ ਮਾਮੇ ਦਾ ਹੱਥ ਹੋਣ ਕਾਰਨ ਉਹ ਬੇਖ਼ੌਫ਼ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਤਾੜਦਾ ਸੀ ਅਤੇ ਠੇਕੇਦਾਰਾਂ ਕੋਲੋਂ ਕਮਿਸ਼ਨ ਲੈ ਕੇ ਦੇਣ ਲਈ ਦਬਾਅ ਬਣਾਉਂਦਾ ਸੀ। ਸਿੰਗਲਾ ਤੇ ਉਸ ਦਾ ਭਾਣਜਾ ਪ੍ਰਦੀਪ ਕੁਮਾਰ 27 ਮਈ ਤੱਕ ਪੁਲੀਸ ਰਿਮਾਂਡ ’ਤੇ ਹਨ। ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਾਂਚ ਟੀਮ ਨੇ ਸਿੰਗਲਾ ਅਤੇ ਉਸ ਦੇ ਦਲਾਲ ਭਾਣਜੇ ਤੋਂ ਕਰਾਸ ਪੁੱਛਗਿੱਛ ਕੀਤੀ ਗਈ ਹੈ। ਉਧਰ ਪੰਜਾਬ ਪੁਲੀਸ ਦੀ ਇੱਕ ਹੋਰ ਜਾਂਚ ਏਜੰਸੀ ਓਕੋ ਦੇ ਅਧਿਕਾਰੀਆਂ ਵੱਲੋਂ ਵੀ ਮਾਮੇ-ਭਾਣਜੇ ਤੋਂ ਪੁੱਛਗਿੱਛ ਕਰਨ ਬਾਰੇ ਪਤਾ ਲੱਗਾ ਹੈ।

ਜਾਣਕਾਰੀ ਅਨੁਸਾਰ ਵਿਜੈ ਸਿੰਗਲਾ ਦੇ ਸਿਹਤ ਮੰਤਰੀ ਹੁੰਦਿਆਂ ਹੁਣ ਤੱਕ ਕਰੀਬ 60 ਤੋਂ ਵੱਧ ਟੈਂਡਰ ਜਾਰੀ ਹੋਏ ਸੀ। ਪੁਲੀਸ ਨੇ ਵੱਖ-ਵੱਖ ਠੇਕੇਦਾਰਾਂ ਨੂੰ ਅਲਾਟ ਹੋਏ ਇਨ੍ਹਾਂ ਟੈਂਡਰਾਂ ਦੀਆਂ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਟੈਂਡਰਾਂ ਵਿੱਚ ਮੁਹੱਲਾ ਕਲੀਨਿਕ ਦੇ ਕੰਮ ਵੀ ਸ਼ਾਮਲ ਦੱਸੇ ਜਾਂਦੇ ਹਨ। ਦਿੱਲੀ ਦੀ ਤਰਜ਼ ’ਤੇ ਪੰਜਾਬ ਦੀ ‘ਆਪ’ ਸਰਕਾਰ ਵੱਲੋਂ 15 ਅਗਸਤ ਤੋਂ ਸੂਬੇ ਭਰ ਵਿੱਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ, ਕਮਿਊਨਿਟੀ ਹੈਲਥ ਸੈਂਟਰਾਂ ਦੀ ਉਸਾਰੀ ਸਮੇਤ ਹੋਰ ਕੰਮ ਜੰਗੀ ਪੱਧਰ ’ਤੇ ਚੱਲ ਰਹੇ ਹਨ। ਇਨ੍ਹਾਂ ਸਾਰੇ ਕੰਮਾਂ ਦੇ ਵਰਕ ਆਰਡਰ ਹੁਣ ਸ਼ੱਕ ਦੇ ਘੇਰੇ ਵਿੱਚ ਹਨ। ਇਹ ਕੰਮ ਵੀ ਵੱਖ-ਵੱਖ ਠੇਕੇਦਾਰਾਂ ਨੂੰ ਸੌਂਪੇ ਗਏ ਸਨ ਅਤੇ ਮਾਰਚ ਮਹੀਨੇ ਵਿੱਚ 17 ਕਰੋੜ ਰੁਪਏ ਦੇ ਟੈਂਡਰ ਅਲਾਟ ਕਰਕੇ ਪੈਸਿਆਂ ਦਾ ਭੁਗਤਾਨ ਕੀਤਾ ਗਿਆ ਸੀ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਸਣੇ ਸਬੰਧਤ ਠੇਕੇਦਾਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾ ਸਕਦਾ ਹੈ।

ਇਸ ਦੌਰਾਨ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਜਾਂ ਕਿਸੇ ਹੋਰ ਅਫ਼ਸਰ ਜਾਂ ਦਲਾਲ ਦਾ ਨਾਮ ਸਾਹਮਣੇ ਆਇਆ ਤਾਂ ਉਸ ਨੂੰ ਵੀ ਪੁੱਛ-ਪੜਤਾਲ ਦੌਰਾਨ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ। ਉਧਰ ਸਿਹਤ ਮੰਤਰੀ ਤੇ ਉਸ ਦੇ ਓਐੱਸਡੀ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਵਾਲੇ ਨਿਗਰਾਨ ਇੰਜਨੀਅਰ ਰਾਜਿੰਦਰ ਸਿੰਘ ਨੇ ਐੱਫਆਈਆਰ ’ਚ ਦਾਅਵਾ ਕੀਤਾ ਹੈ ਕਿ ਓਐੱਸਡੀ ਪ੍ਰਦੀਪ ਕੁਮਾਰ ਸਿਵਲ ਸਕੱਤਰੇਤ ਤੇ ਕੋਠੀ ਸੱਦ ਕੇ ਉਸ ਨੂੰ ਲਗਾਤਾਰ ਧਮਕਾ ਰਿਹਾ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੇ ਓਐੱਸਡੀ ਨੂੰ ਸਾਫ਼ ਕਰ ਦਿੱਤਾ ਸੀ ਕਿ ਉਹ 30 ਨਵੰਬਰ ਨੂੰ ਸੇਵਾਮੁਕਤ ਹੋ ਰਿਹਾ ਹੈ ਤੇ ਆਪਣੇ ਮੱਥੇ ’ਤੇ ਰਿਸ਼ਖਤਖੋਰੀ ਦਾ ਕਲੰਕ ਨਹੀਂ ਲਗਵਾ ਸਕਦਾ। ਰਾਜਿੰਦਰ ਸਿੰਘ ਨੇ ਮੰਤਰੀ ਨੂੰ ਉਸ ਦਾ ਤਬਾਦਲਾ ਨਹਿਰੀ ਵਿਭਾਗ ਵਿੱਚ ਕਰਨ ਤੇ ਉਹਦੀ ਥਾਂ ਆਪਣੇ ਕਿਸੇ ਚਹੇਤੇ ਅਫ਼ਸਰ ਨੂੰ ਡੈਪੂਟੇਸ਼ਨ ’ਤੇ ਤਾਇਨਾਤ ਕਰਨ ਲਈ ਵੀ ਕਿਹਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਸ਼ਹਿਰ

View All