Vigilance ਟੀਮ ਨੇ ਰਿਸ਼ਵਤ ਲੈਂਦਾ ਵਸੀਕਾ ਨਵੀਸ ਕੀਤਾ ਕਾਬੂ
ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਵੱਲੋਂ ਸਬ ਤਹਿਸੀਲ ਧਨੌਲਾ ਦੇ ਇੱਕ ਵਸੀਕਾ ਨਵੀਸ ਨੂੰ ਵਸੀਕਾ ਲਿਖਣ ਬਦਲੇ ਸਰਕਾਰ ਵੱਲੋਂ ਤੈਅ ਕੀਤੀ ਰਜਿਸਟਰੀ ਲਿਖਾਈ ਤੋਂ ਇਲਾਵਾ ਵੱਧ ਪੈਸੇ ਵਸੂਲਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ...
ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਵੱਲੋਂ ਸਬ ਤਹਿਸੀਲ ਧਨੌਲਾ ਦੇ ਇੱਕ ਵਸੀਕਾ ਨਵੀਸ ਨੂੰ ਵਸੀਕਾ ਲਿਖਣ ਬਦਲੇ ਸਰਕਾਰ ਵੱਲੋਂ ਤੈਅ ਕੀਤੀ ਰਜਿਸਟਰੀ ਲਿਖਾਈ ਤੋਂ ਇਲਾਵਾ ਵੱਧ ਪੈਸੇ ਵਸੂਲਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਦੀ ਸ਼ਿਕਾਇਤ ਦੀ ਪੜ੍ਹਤਾਲ ਤੋਂ ਬਾਅਦ, ਸਬ ਤਹਿਸੀਲ ਧਨੌਲਾ ਵਿਖੇ ਕੰਮ ਕਰ ਰਹੇ ਵਸੀਕਾ ਨਵੀਸ ਵਿਪਨ ਸਿੰਘ ਸਿੱਧੂ ਦੇ ਖ਼ਿਲਾਫ਼ ਰਜਿਸਟਰੀ ਸਬੰਧੀ ਵਾਧੂ ਪੈਸੇ ਲੈਣ ਦੇ ਲੱਗੇ ਦੋਸ਼ ਸਹੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੀ ਆਡੀਓ-ਵੀਡੀਓ ਰਿਕਾਰਡਿੰਗ ਦੀ ਜਾਂਚ ਕਰਨ 'ਤੇ ਸਾਹਮਣੇ ਆਇਆ ਕਿ ਵਿਪਨ ਸਿੰਘ ਸਿੱਧੂ ਵੱਲੋਂ ਨਿਰਧਾਰਿਤ ਫੀਸ ਤੋਂ ਵੱਧ ਪੈਸੇ ਵਸੂਲੇ ਜਾ ਰਹੇ ਸਨ, ਜਿਸ ਰਾਹੀਂ ਉਹ ਆਮ ਲੋਕਾਂ ਦੀ ਲੁੱਟ ਕਰ ਰਿਹਾ ਸੀ, ਜੋ ਕਿ ਕਾਨੂੰਨਨ ਅਪਰਾਧ ਹੈ।
ਪੜ੍ਹਤਾਲ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਵੱਲੋਂ ਖਰੀਦੇ ਗਏ ਰੂੜੀ ਵਾਲੇ ਪਲਾਟ ਦਾ ਵਸੀਕਾ ਵਿਪਨ ਸਿੰਘ ਸਿੱਧੂ ਨੇ ਆਪਣੇ ਦਫ਼ਤਰ ਸਬ ਤਹਿਸੀਲ ਧਨੌਲਾ ਵਿਖੇ ਡਰਾਫਟ (ਤਿਆਰ) ਕੀਤਾ ਸੀ। ਪਰ ਉਕਤ ਵਸੀਕੇ 'ਤੇ ਆਪਣੀ ਮੋਹਰ ਲਗਾਉਣ ਦੀ ਬਜਾਏ, ਉਸ ਨੇ ਜ਼ਿਲ੍ਹਾ ਕਚਹਿਰੀਆਂ ਬਰਨਾਲਾ ਦੇ ਐਡਵੋਕੇਟ ਗੁਲਸ਼ਨ ਕੁਮਾਰ ਦੀ ਮੋਹਰ ਲਗਾ ਕੇ ਜਾਅਲੀ ਦਸਤਖ਼ਤ ਕਰ ਦਿੱਤੇ, ਜਦਕਿ ਵਿਪਨ ਸਿੰਘ ਸਿੱਧੂ ਕੋਲ ਆਪਣਾ ਵਸੀਕਾ ਲਿਖਣ ਸਬੰਧੀ ਅਧਿਕਾਰਤ ਲਾਈਸੰਸ ਨੰਬਰ 1/DWL/BNL1996 ਮੌਜੂਦ ਹੈ।
ਮਾਮਲੇ ਦੀ ਅਗਲੇਰੀ ਪੜ੍ਹਤਾਲ ਵਿੱਚ ਪਤਾ ਲੱਗਿਆ ਕਿ ਗੁਲਸ਼ਨ ਕੁਮਾਰ ਅਗਰਵਾਲ ਬਰਨਾਲਾ ਕਚਹਿਰੀ ਵਿਖੇ ਬਤੌਰ ਪੇਸ਼ੇਵਰ ਵਕੀਲ ਅਤੇ ਨੌਟਰੀ ਦਾ ਕੰਮ ਕਰਦੇ ਹਨ। ਉਨ੍ਹਾਂ ਵੱਲੋਂ ਇਹ ਵਸੀਕਾ ਡਰਾਫਟ ਨਹੀਂ ਕੀਤਾ ਗਿਆ ਸੀ, ਨਾ ਹੀ ਉਹ ਕਦੇ ਸਬ ਤਹਿਸੀਲ ਧਨੌਲਾ ਗਏ ਹਨ ਅਤੇ ਨਾ ਹੀ ਉਹ ਇਸ ਵਸੀਕੇ ਨਾਲ ਸਬੰਧਿਤ ਵਿਅਕਤੀਆਂ ਨੂੰ ਜਾਣਦੇ ਹਨ। ਇਸ ਤੋਂ ਸਾਬਤ ਹੋਇਆ ਕਿ ਵਿਪਨ ਸਿੰਘ ਸਿੱਧੂ ਆਮ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਵਸੀਕਿਆਂ ਉੱਪਰ ਜਾਅਲੀ ਮੋਹਰਾਂ ਤੇ ਜਾਅਲੀ ਦਸਤਖ਼ਤ ਕਰਕੇ ਸਬ ਰਜਿਸਟਾਰ ਧਨੌਲਾ ਪਾਸੋਂ ਰਜਿਸਟਰੀਆਂ ਕਰਵਾਉਂਦਾ ਸੀ। ਉਹ ਲੋਕਾਂ ਤੋਂ ਨਜਾਇਜ਼ ਪੈਸੇ ਵੀ ਵਸੂਲਦਾ ਸੀ ਅਤੇ ਆਪਣੀ ਮੋਹਰ ਲਗਾਉਣ ਦੀ ਬਜਾਏ ਦੂਜਿਆਂ ਦੀ ਮੋਹਰ ਲਗਾ ਕੇ ਜਾਅਲੀ ਦਸਤਖ਼ਤ ਕਰਦਾ ਸੀ, ਜੋ ਕਿ ਇੱਕ ਘੋਰ ਅਪਰਾਧ ਹੈ।
ਇਸ ਮਾਮਲੇ ਵਿੱਚ ਰਾਜਪ੍ਰਿਤਪਾਲ ਸਿੰਘ ਤਹਿਸੀਲਦਾਰ ਧਨੌਲਾ ਵੱਲੋਂ ਵੀ ਬਿਆਨ ਦਰਜ ਕਰਵਾਏ ਗਏ ਹਨ ਕਿ ਜੇਕਰ ਰਜਿਸਟਰੀ ਕਲਰਕ ਜਾਂ ਸਬੰਧਿਤ ਵਸੀਕਾ ਨਵੀਸ ਵੱਲੋਂ ਖਰੀਦਦਾਰ ਪਾਸੋਂ ਕੋਈ ਵਾਧੂ ਅਦਾਇਗੀ ਲਈ ਗਈ ਹੈ, ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਵਿਪਨ ਸਿੰਘ ਸਿੱਧੂ (ਵਸੀਕਾ ਨਵੀਸ ਸਬ ਤਹਿਸੀਲ ਧਨੌਲਾ, ਜ਼ਿਲ੍ਹਾ ਬਰਨਾਲਾ) ਪੁੱਤਰ ਸੁਰਿੰਦਰ ਸਿੰਘ ਸਿੱਧੂ, ਵਾਸੀ ਪੱਤੀ ਸੇਖਵਾਂ ਰੋਡ ਬਰਨਾਲਾ ਦੇ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 318(4), 336(2), 338, 336(3) ਅਤੇ 340(2) ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

