ਵੀਡੀਓ ਵਿਵਾਦ: ‘ਮਾਸਕ’ ਵਾਲੇ ਦਾਅਵੇ ਨੂੰ ਚੁਣੌਤੀ
ਮੁੱਖ ਮੰਤਰੀ ਭਗਵੰਤ ਮਾਨ ਨਾਲ ਸਬੰਧਤ ਕਥਿਤ ਵਿਵਾਦਤ ਵੀਡੀਓ ਮਾਮਲੇ ’ਚ ਕੈਨੇਡਾ ਰਹਿੰਦੇ ਜਗਮਨ ਸਮਰਾ ਨੇ ਮੁੱਖ ਮੰਤਰੀ ਦੇ ਉਸ ਦਾਅਵੇ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਵੀਡੀਓ ਫੇਸ ਮਾਸਕ ਦੀ ਮਦਦ ਨਾਲ ਬਣਾਈ ਗਈ ਸੀ।...
ਮੁੱਖ ਮੰਤਰੀ ਭਗਵੰਤ ਮਾਨ ਨਾਲ ਸਬੰਧਤ ਕਥਿਤ ਵਿਵਾਦਤ ਵੀਡੀਓ ਮਾਮਲੇ ’ਚ ਕੈਨੇਡਾ ਰਹਿੰਦੇ ਜਗਮਨ ਸਮਰਾ ਨੇ ਮੁੱਖ ਮੰਤਰੀ ਦੇ ਉਸ ਦਾਅਵੇ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਵੀਡੀਓ ਫੇਸ ਮਾਸਕ ਦੀ ਮਦਦ ਨਾਲ ਬਣਾਈ ਗਈ ਸੀ। ਸਮਰਾ ਨੇ ਅੱਜ ਆਪਣੇ ਫੇਸਬੁੱਕ ’ਤੇ ਕੈਨੇਡਾ ਦੀ ਡਿਜੀਟਲ ਫੋਰੈਂਸਿਕ ਸੰਸਥਾ ਡੋਕੂਫਰਾਡ ਕੈਨੇਡਾ ਦੇ ਨਾਮ ਨਾਲ ਰਿਪੋਰਟ ਸਾਂਝੀ ਕਰਦਿਆਂ ਲਿਖਿਆ ਕਿ ਹੁਣ ਪੰਜਾਬ ਸਰਕਾਰ ਇਸ ਲੈਬ ਨੂੰ ਚੁਣੌਤੀ ਦੇਵੇ। ਸਮਰਾ ਵੱਲੋਂ ਸਾਂਝੇ ਕੀਤੇ ਪੱਤਰ ਅਨੁਸਾਰ ਸੰਸਥਾ ਦੇ ਮੁਖੀ ਡਵੇਨ ਵਿਲੀਅਮ ਸਟ੍ਰੋਸਨ ਨੇ ਦਾਅਵਾ ਕੀਤਾ ਕਿ ਵਿਵਾਦਤ ਵੀਡੀਓਜ਼ ਦੀ ਤਕਨੀਕੀ ਜਾਂਚ ਦੌਰਾਨ ਕਿਸੇ ਵੀ ਕਿਸਮ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ, ਫੇਸ ਸਵੈਪ ਜਾਂ ਹੋਰ ਡਿਜੀਟਲ ਛੇੜਛਾੜ ਦੇ ਸਬੂਤ ਨਹੀਂ ਮਿਲੇ ਅਤੇ ਵੀਡੀਓ ਅਸਲ ਕੈਮਰਾ ਸੈਂਸਰ ਆਉੂਟਪੁੱਟ ਹੈ। ਹਾਲਾਂਕਿ ਪੱਤਰ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸਿਰਫ਼ ਇੱਕ ਅਧਿਕਾਰਤ ਸੰਚਾਰ ਦਾ ਰਿਕਾਰਡ ਹੈ, ਨਾ ਕਿ ਕੋਈ ਅਦਾਲਤੀ ਕਾਨੂੰਨੀ ਰਿਪੋਰਟ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਸੀ ਕਿ ਜਗਮਨ ਸਮਰਾ ਨੇ ਉਨ੍ਹਾਂ ਦੇ ਚਿਹਰੇ ਦਾ ਨਕਲੀ ਮਾਸਕ ਤਿਆਰ ਕਰਵਾ ਕੇ ਕੈਨੇਡਾ ਦੇ ਇੱਕ ਹੋਟਲ ਵਿੱਚ ਕਿਸੇ ਹੋਰ ਵਿਅਕਤੀ ਤੋਂ ਇਹ ਵੀਡੀਓ ਬਣਵਾਈ ਸੀ।

