ਮੋਗਾ-ਜਲੰਧਰ ਹੱਦ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ
ਅਖ਼ਬਾਰਾਂ ਦੀਆਂ ਢੋਆ ਢੁਆਈ ਕਰਨ ਵਾਲੀਆਂ ਗੱਡੀਆਂ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ
ਇੱਥੇ ਮੋਗਾ-ਜਲੰਧਰ ਹਾਈਵੇ ਉਪਰ ਪਿੰਡ ਕਮਾਲੇਕੇ ਨੇੜੇ ਲਾਏ ਨਾਕੇ ਉਪਰ ਪੁਲੀਸ ਵੱਲੋਂ ਅੱਧੀ ਰਾਤ ਨੂੰ ਸਖ਼ਤ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲਈ ਗਈ। ਇਸ ਤਲਾਸ਼ੀ ਮੁਹਿੰਮ ਵਿੱਚ ਪੁਲੀਸ ਦੇ ਵੱਖ ਵੱਖ ਵਿੰਗਾਂ ਦੇ ਮੁਲਾਜ਼ਮਾਂ ਤੋਂ ਇਲਾਵਾ ਪੁਲੀਸ ਦਾ ਡੌਗ ਸਕੁਐਡ ਵੀ ਸ਼ਾਮਲ ਸੀ। ਉਪ ਪੁਲੀਸ ਕਪਤਾਨ ਸਿਟੀ ਮੋਗਾ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਸ ਸਾਰੀ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ। ਨਾਕਾਬੰਦੀ ਦੌਰਾਨ ਅਖ਼ਬਾਰ ਦੀ ਸਪਲਾਈ ਵਾਲੀਆਂ ਗੱਡੀਆਂ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ।
ਜਾਣਕਾਰੀ ਅਨੁਸਾਰ ਕਮਾਲਕੇ ਪੁਲੀਸ ਨਾਕੇ ਉਪਰ ਅੱਧੀ ਰਾਤ ਨੂੰ ਵੱਡੀ ਗਿਣਤੀ ਵਿੱਚ ਪੁਲੀਸ ਦੀ ਨਫਰੀ ਨੇ ਜਲੰਧਰ ਤੋਂ ਆਉਣ ਵਾਲੇ ਵਾਹਨਾਂ, ਜਿਸ ਵਿੱਚ ਜ਼ਿਆਦਾਤਰ ਅਖ਼ਬਾਰ ਦੀ ਢੋਆ ਢੁਆਈ ਵਾਲੀਆਂ ਗੱਡੀਆਂ ਸਨ, ਨੂੰ ਰੋਕਿਆ ਗਿਆ। ਜਾਣਕਾਰੀ ਮੁਤਾਬਕ ਪੁਲੀਸ ਨੇ ਕੁਝ ਅਖ਼ਬਾਰਾਂ ਦੀ ਸਪਲਾਈ ਦੀਆਂ ਗੱਡੀਆਂ ਨੂੰ ਅੱਗੇ ਭੇਜ ਦਿੱਤਾ। ਪੁਲੀਸ ਦੀ ਇਹ ਕਾਰਵਾਈ ਤੜਕਸਾਰ ਸੱਤ ਵਜੇ ਤੱਕ ਜਾਰੀ ਰਹੀ।
ਜਾਣਕਾਰੀ ਮੁਤਾਬਕ ਸੜਕ ਉਪਰ ਗੱਡੀਆਂ ਵਿੱਚੋਂ ਅਖ਼ਬਾਰਾਂ ਦੇ ਬੰਡਲ ਵੀ ਉਤਾਰੇ ਗਏ। ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਪਰੋਂ ਆਈਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਦੀ ਇਸ ਵਾਹਨ ਚੈਕਿੰਗ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਗਪਗ 100 ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ,ਪਰ ਪੁਲੀਸ ਨੂੰ ਕੋਈ ਇਤਰਾਜ਼ਯੋਗ ਜਾਂ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦੋ ਮੁੱਖ ਪੁਲੀਸ ਨਾਕਿਆਂ ਕਮਾਲਕੇ ਅਤੇ ਚੂਹੜਚੱਕ ਉਪਰ ਅੱਜ ਸਖ਼ਤ ਚੈਕਿੰਗ ਕੀਤੀ ਗਈ ਸੀ। ਪੁਲੀਸ ਅਧਿਕਾਰੀ ਨੇ ਬੇਸ਼ੱਕ ਇਸ ਨੂੰ ਇੱਕ ਰੂਟੀਨ ਚੈਕਿੰਗ ਦੱਸਿਆ ਹੈ, ਪਰ ਪੁਲੀਸ ਵਲੋਂ ਜਿਸ ਤਰੀਕੇ ਨਾਲ ਵਾਹਨਾਂ ਦੀ ਜ਼ਬਰਦਸਤ ਚੈਕਿੰਗ ਕੀਤੀ ਗਈ ਅਤੇ ਖਾਸ ਕਰਕੇ ਅਖ਼ਬਾਰਾਂ ਦੀ ਢੋਆ ਢੁਆਈ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਸ ਤੋਂ ਇਹ ਮਾਮਲਾ ਸ਼ੱਕੀ ਜਾਪ ਰਿਹਾ ਹੈ।
ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੋਹਨ ਸਿੰਘ ਖੇਲਾ ਨੇ ਇਸ ਉੱਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਆਪ ਸਰਕਾਰ ਵਲੋਂ ਪ੍ਰੈੱਸ ਦੀਆਂ ਗੱਡੀਆਂ ਨੂੰ ਰੋਕ ਕੇ ਅਖ਼ਬਾਰਾਂ ਨੂੰ ਵੰਡ ਤੋਂ ਰੋਕਿਆ ਜਾਣਾ ਪ੍ਰੈੱਸ ਦੀ ਆਜ਼ਾਦੀ ਉਪਰ ਸਿੱਧਾ ਹਮਲਾ ਹੈ। ਉਨ੍ਹਾਂ ਨੇ ਸੜਕ ਉਪਰ ਅਖ਼ਬਾਰਾਂ ਦੇ ਬੰਡਲਾ ਦੀ ਇੱਕ ਵੀਡੀਓ ਸ਼ੇਅਰ ਕਰਕੇ ਸਰਕਾਰ ਤੋਂ ਇਸ ਦਾ ਜਵਾਬ ਵੀ ਮੰਗਿਆ।
ਕੈਪਸ਼ਨ: ਸੜਕ ਉਪਰ ਅਖ਼ਬਾਰਾਂ ਦੀ ਢੋਆ ਢੁਆਈ ਵਾਲੀਆਂ ਗੱਡੀਆਂ ਨੂੰ ਰੋਕੀ ਖੜ੍ਹੇ ਪੁਲੀਸ ਮੁਲਾਜ਼ਮ।

