ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਨੂੰ ਲੈ ਕੇ ਵਾਲਮੀਕਿ ਜਥੇਬੰਦੀਆਂ ਵੱਲੋਂ 'ਬੰਦ' ਦਾ ਸੱਦਾ
ਜਲੰਧਰ ਬਾਈਪਾਸ 'ਤੇ ਕੌਮੀ ਰਾਜਮਾਰਗ-44 ਦੇ ਇੱਕ ਹਿੱਸੇ ਨੂੰ ਕੀਤਾ ਜਾਮ
ਲੁਧਿਆਣਾ ਵਿੱਚ ਜਲੰਧਰ ਬਾਈਪਾਸ ਚੌਕ ਸਥਿਤ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਕੁਝ ਅਣਪਛਾਤੇ ਲੋਕਾਂ ਨੇ ਬੇਅਦਬੀ ਕਰ ਦਿੱਤੀ, ਜਿਸ ਤੋਂ ਬਾਅਦ ਵੱਖ-ਵੱਖ ਵਾਲਮੀਕਿ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਲੁਧਿਆਣਾ ਬੰਦ ਦਾ ਸੱਦਾ ਦਿੱਤਾ।
ਪੁਲੀਸ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ, ਜਿਸ ਨਾਲ ਵਾਲਮੀਕਿ ਭਾਈਚਾਰੇ ਵਿੱਚ ਭਾਰੀ ਰੋਸ ਫੈਲ ਗਿਆ।
'ਬੰਦ' ਦੇ ਸੱਦੇ ਤੋਂ ਬਾਅਦ ਲੁਧਿਆਣਾ ਵਿੱਚ ਕਈ ਥਾਵਾਂ 'ਤੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ।
ਵੱਖ-ਵੱਖ ਵਾਲਮੀਕਿ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਬੁੱਤ ਕੋਲ ਧਰਨਾ ਦਿੱਤਾ ਅਤੇ ਜਲੰਧਰ ਬਾਈਪਾਸ 'ਤੇ ਕੌਮੀ ਰਾਜਮਾਰਗ-44 ਦੇ ਇੱਕ ਹਿੱਸੇ ਨੂੰ ਜਾਮ ਕਰ ਦਿੱਤਾ।
ਇੱਕ ਹਿੱਸਾ ਜਾਮ ਹੋਣ ਨਾਲ ਦਿੱਲੀ ਅਤੇ ਜਲੰਧਰ ਵੱਲ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਨਾਲ ਹਾਈਵੇਅ ਦੇ ਦੋਹਾਂ ਪਾਸੇ ਟਰੱਕਾਂ, ਬੱਸਾਂ, ਕਾਰਾਂ ਅਤੇ ਹੋਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਰਸਤਾ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਾਫੀੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਫਸੇ ਰਹੇ।
ਇੱਕ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਇੱਕ ਫੈਕਟਰੀ ਵਿੱਚ ਸਾਮਾਨ ਪਹੁੰਚਾਉਣ ਜਾ ਰਿਹਾ ਸੀ, ਪਰ ਹੁਣ ਜਾਮ ਵਿੱਚ ਫਸਿਆ ਹੈ। ਬੱਸ ਰਾਹੀਂ ਅੰਮ੍ਰਿਤਸਰ ਜਾ ਰਹੇ ਇੱਕ ਯਾਤਰੀ ਨੇ ਕਿਹਾ ਕਿ ਉਹ ਰਸਤਾ ਖੁੱਲ੍ਹਣ ਦਾ ਇੰਤਜ਼ਾਰ ਕਰ ਰਿਹਾ ਹੈ।
ਪੁਲੀਸ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਦੇ ਯਤਨ ਜਾਰੀ ਹਨ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।

