ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ

ਰਾਜਪਾਲ ਦੇ ਭਾਸ਼ਣ ਮੌਕੇ ਵਿਧਾਨ ਸਭਾ ਵਿੱਚ ਹੰਗਾਮਾ

ਰਾਜਪਾਲ ਨੇ ਵਿਚਾਲੇ ਹੀ ਸਮੇਟਿਆ ਭਾਸ਼ਣ; ਵਿਰੋਧੀ ਧਿਰਾਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ

* ਬੈਂਸ ਭਰਾਵਾਂ ਨੇ ਭਾਸ਼ਣ ਦੀਆਂ ਕਾਪੀਆਂ ਪਾੜੀਆਂ

* ‘ਆਪ’ ਵਿਧਾਇਕ ਸਾਈਕਲਾਂ ’ਤੇ ਵਿਧਾਨ ਸਭਾ ਪੁੱਜੇ

* ਰਾਜਪਾਲ ਖ਼ਿਲਾਫ਼ ‘ਵਾਪਸ ਜਾਓ’ ਦੇ ਨਾਅਰੇ ਲੱਗੇ

* ਬਦਨੌਰ ਵੱਲੋਂ ਪੰਜਾਬ ਸਰਕਾਰ ਦੇ ਖੇਤੀ ਸੋਧ ਬਿੱਲਾਂ ਦੀ ਤਾਈਦ

ਚਰਨਜੀਤ ਭੁੱਲਰ

ਚੰਡੀਗੜ੍ਹ, 1 ਮਾਰਚ

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਜ਼ੋਰਦਾਰ ਹੰਗਾਮੇ ਦੌਰਾਨ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਅੱਜ ਬਜਟ ਸੈਸ਼ਨ ਦੀ ਪਲੇਠੀ ਬੈਠਕ ਪੂਰੀ ਤਰ੍ਹਾਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ’ਚ ਹੀ ਉਲਝ ਗਈ। ਭਾਰੀ ਰੌਲੇ ਰੱਪੇ ਦੌਰਾਨ ਹੀ ਰਾਜਪਾਲ ਪੰਜਾਬ ਨੂੰ ਆਪਣਾ ਭਾਸ਼ਣ ਸਮੇਟਣਾ ਪਿਆ। ਪੰਦਰ੍ਹਵੀਂ ਵਿਧਾਨ ਸਭਾ ਦੇ 14ਵੇਂ ਸੈਸ਼ਨ ਦੀ ਸ਼ੁਰੂਆਤ ਅੱਜ ਕਰੀਬ ਗਿਆਰਾਂ ਵਜੇ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਰਾਜਪਾਲ ਦੇ ਸਦਨ ’ਚ ਦਾਖਲੇ ਹੋਣ ਮਗਰੋਂ ਹੀ ‘ਗੋ ਬੈਕ’ ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਦਾ ਵਿਰੋਧ ਕੀਤਾ ਜਦਕਿ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਤਾਂ ਰਾਜਪਾਲ ਦੇ ਭਾਸ਼ਣ ਦੌਰਾਨ ਹੀ ਭਾਸ਼ਣ ਦੀਆਂ ਲਿਖਤੀ ਕਾਪੀਆਂ ਪਾੜ ਕੇ ਸਪੀਕਰ ਦੇ ਆਸਣ ਵੱਲ ਵਗਾਹ ਮਾਰੀਆਂ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰਾਜਪਾਲ ਨੂੰ ਸਦਨ ਦੇ ਬਾਹਰ ਵੀ ਨਮੋਸ਼ੀ ਝੱਲਣੀ ਪਈ ਹੈ। ਉਂਜ ਰਾਜਪਾਲ ਦੇ ਭਾਸ਼ਣ ਨੇ ਖੇਤੀ ਕਾਨੂੰਨਾਂ ’ਤੇ ਪੰਜਾਬ ਵਿਧਾਨ ਸਭਾ ਵੱਲੋਂ ਲਏ ਸਟੈਂਡ ਦੀ ਅੱਜ ਤਾਈਦ ਕੀਤੀ ਹੈ। ਰਾਜਪਾਲ ਨੇ ਅੰਗਰੇਜ਼ੀ ’ਚ ਆਪਣਾ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ ਪਰ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ 19 ਮਿੰਟਾਂ ’ਚ ਹੀ ਭਾਸ਼ਣ ਸਮੇਟ ਦਿੱਤਾ।

ਬਜਟ ਸੈਸ਼ਨ ਦੇ ਉਦਘਾਟਨੀ ਭਾਸ਼ਣ ’ਚ ਖੇਤੀ ਕਾਨੂੰਨਾਂ ਦਾ ਮੁੱਦਾ ਹੀ ਛਾਇਆ ਰਿਹਾ। ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ ਸਦਨ ’ਚੋਂ ਵਾਕਆਊਟ ਕਰ ਗਏ। ਸਦਨ ਦੀ ਸਮੁੱਚੀ ਕਾਰਵਾਈ ਦੌਰਾਨ ਵੀ ਨਾਅਰੇਬਾਜ਼ੀ ਹੁੰਦੀ ਰਹੀ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਸਦਨ ’ਚ ਦਲ ਦੇ ਆਗੂ ਸ਼ਰਨਜੀਤ ਸਿੰਘ ਢਿਲੋਂ ਨੇ ਕਾਂਗਰਸ ਸਰਕਾਰ ’ਤੇ ਵੀ ਤਨਜ਼ ਕਸੇ।  ਉੱਧਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੁਲਤਾਰ ਸੰਧਵਾਂ, ਅਮਨ ਅਰੋੜਾ ਆਦਿ ਨੇ ਵੀ ਰਾਜਪਾਲ ਦੇ ਭਾਸ਼ਣ ਦਾ ਵਿਰੋਧ ਜਾਰੀ ਰੱਖਿਆ। ਵਿਰੋਧੀ ਵਿਧਾਇਕਾਂ ਦਾ ਵੱਡਾ ਗਿਲਾ ਇਹੋ ਸੀ ਕਿ ਵਿਧਾਨ ਸਭਾ ਦੇ ਪਿਛਲੇ ਵਿਸ਼ੇਸ਼ ਸੈਸ਼ਨ ’ਚ ਪਾਸ ਕੀਤੇ ਖੇਤੀ ਸੋਧ ਬਿੱਲਾਂ ਨੂੰ ਰਾਜਪਾਲ ਨੇ ਸਹਿਮਤੀ ਦੇਣ ਮਗਰੋਂ ਰਾਸ਼ਟਰਪਤੀ ਕੋਲ ਨਹੀਂ ਭੇਜਿਆ। ਅਜਿਹਾ ਕਰਕੇ ਕਿਸਾਨਾਂ ਦਾ ਅਪਮਾਨ ਅਤੇ ਸਦਨ ਦੀ ਤੌਹੀਨ ਕੀਤੀ ਗਈ ਹੈ। ‘ਆਪ’ ਵਿਧਾਇਕ ਅੱਜ ਸਾਈਕਲਾਂ ’ਤੇ ਵਿਧਾਨ ਸਭਾ ਪੁੱਜੇ ਜਿਸ ਕਰਕੇ ਬਹੁਤੇ ਵਿਧਾਇਕ ਸਦਨ ’ਚ ਉਦੋਂ ਪੁੱਜੇ ਜਦੋਂ ਰਾਜਪਾਲ ਦਾ ਭਾਸ਼ਣ ਚੱਲ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਨਾਅਰੇਬਾਜ਼ੀ ਦੌਰਾਨ ਰਾਜਪਾਲ ਲਈ ‘ਗੱਦਾਰ’ ਵਰਗੇ ਲਫਜ਼ ਵਰਤੇ ਜਦਕਿ ‘ਆਪ’ ਵਿਧਾਇਕਾਂ ਨੇ ਰਾਜਪਾਲ ਨੂੰ ਤਖ਼ਤੀਆਂ ਦਿਖਾਈਆਂ। ‘ਆਪ’ ਵਿਧਾਇਕ ਕੁਲਤਾਰ ਸੰਧਵਾਂ ਤਾਂ ਆਪਣੀ ਸੀਟ ’ਤੇ ਹੀ ਖੜ੍ਹੇ ਹੋ ਕੇ ਵਿਰੋਧ ਕਰਨ ਲੱਗੇ। ਉੱਧਰ ਰਾਜਪਾਲ ਦੇ ਭਾਸ਼ਣ ’ਚ ਕਿਹਾ ਕਿ ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨ ਫਿਕਰਮੰਦੀ ਵਾਲੇ ਹਨ ਅਤੇ ਇਹ ਕਾਨੂੰਨ ਸਥਿਰ ਆਮਦਨੀ ਤੇ ਕਿਸਾਨੀ ਚਿੰਤਾਵਾਂ ਦਾ ਹੱਲ ਨਹੀਂ ਕਰਦੇ ਹਨ। ਉਨ੍ਹਾਂ ਨੂੰ ਖਦਸ਼ਾ ਹੈ ਕਿ ਇਹ ਕਾਨੂੰਨ ਏਪੀਐੱਸ ਐਕਟ-1961 ਅਧੀਨ ਲੰਮੇ ਅਰਸੇ ਤੋਂ ਸਥਾਪਤ ਖੇਤੀਬਾੜੀ ਮਾਰਕੀਟਿੰਗ ਪ੍ਰਣਾਲੀਆਂ ਨੂੰ ਭੰਗ ਕਰ ਦੇਣਗੇ। ਉਨ੍ਹਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੇ ਅਨਾਜ ਦੀ ਸਰਕਾਰੀ ਖਰੀਦ ਨੂੰ ਖਤਮ ਕਰਨ ਬਾਰੇ ਵੀ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਦਨ ’ਚ 18 ਅਗਸਤ ਤੇ 19 ਅਕਤੂਬਰ 2020 ਨੂੰ ਦੋ ਵਾਰ ਮਤੇ ਪਾਸ ਕੀਤੇ ਅਤੇ ਭਾਰਤ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਸਰਕਾਰੀ ਖਰੀਦ ਜਾਰੀ ਰੱਖਣ ਦੀ ਅਪੀਲ ਵੀ ਕੀਤੀ। ਰਾਜਪਾਲ ਨੇ ਖੁਲਾਸਾ ਕੀਤਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਸੋਧ ਕਾਨੂੰਨ ਰਾਸ਼ਟਰਪਤੀ ਦੀ ਸਹਿਮਤੀ ਲਈ ਵਿਚਾਰ ਅਧੀਨ ਹਨ।

ਰਾਜਪਾਲ ਨੇ ਕਿਸਾਨਾਂ-ਮਜ਼ਦੂਰਾਂ ਲਈ ਕੀਤੇ ਕੰਮਾਂ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਨੇ 5.64 ਲੱਖ ਛੋਟੇ ਤੇ ਸੀਮਾਂਤ ਕਿਸਾਨਾਂ ਦੇ 4625 ਕਰੋੜ ਦੀ ਰਾਹਤ ਨਾਲ ਦੋ ਲੱਖ ਤੱਕ ਦੀ ਕਰਜ਼ਾ ਰਾਹਤ ਦਿੱਤੀ ਹੈ ਅਤੇ ਅਗਲੇ ਮਾਲੀ ਵਰ੍ਹੇ ਦੌਰਾਨ 1.13 ਲੱਖ ਕਿਸਾਨਾਂ ਨੂੰ ਰਾਹਤ ਸਕੀਮ ਦਾ ਲਾਭ ਦੇਣ ਲਈ ਵਚਨਬੱਧ ਹੈ। ਰਾਜਪਾਲ ਨੇ ਢਾਈ ਏਕੜ ਤੱਕ ਖੇਤੀ ਵਾਲੀ ਜ਼ਮੀਨ ਨੂੰ ਕੁਰਕੀ ਮੁਕਤ ਰੱਖੇ ਜਾਣ ਦੀ ਗੱਲ ਕਰਦਿਆਂ ਸਹਿਕਾਰੀ ਬੈਂਕਾਂ ਦੀ ਕਰਜ਼ਾ ਪੁਨਰਗਠਨ ਸਕੀਮ ਅਤੇ ਖੇਤੀ ਵਿੰਭਿਨਤਾ ਤੇ ਸਹਾਇਕ ਧੰਦਿਆਂ ਦੇ ਯਤਨਾਂ ਬਾਰੇ ਵੀ ਦੱਸਿਆ। ਰਾਜਪਾਲ ਨੇ ਗੁਰੂ ਤੇਗ ਬਹਾਦਰ ਦਾ 400ਵਾਂ ਪ੍ਰਕਾਸ਼ ਪੁਰਬ 1 ਮਈ ਨੂੰ ਮਨਾਏ ਜਾਣ ਬਾਰੇ ਦੱਸਿਆ ਗਿਆ। ਰਾਜਪਾਲ ਨੇ ਕੋਵਿਡ ਦੀ ਮਾਰ ਤੋਂ ਉਭਰਨ ਲਈ ਉਠਾਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਜ਼ਿਆਦਾਤਾਰ ਵਾਅਦੇ ਪੂਰੇ ਕੀਤੇ ਹਨ।

ਭਾਜਪਾ ਵਿਧਾਇਕ ਰਹੇ ਗ਼ੈਰਹਾਜ਼ਰ

ਭਾਜਪਾ ਦੇ ਦੋ ਵਿਧਾਇਕ ਅਰੁਣ ਨਾਰੰਗ ਤੇ ਦਿਨੇਸ਼ ਬੱਬੂ ਅੱਜ ਗ਼ੈਰ-ਹਾਜ਼ਰ ਰਹੇ। ਪਿਛਲੇ ਵਿਸ਼ੇਸ਼ ਸੈਸ਼ਨਾਂ ’ਚੋਂ ਵੀ ਇਹ ਵਿਧਾਇਕ ਗ਼ੈਰਹਾਜ਼ਰ ਸਨ। ਕੋਵਿਡ ਕਰਕੇ ਵਜ਼ੀਰ ਸੁਖਬਿੰਦਰ ਸਿੰਘ ਸਰਕਾਰੀਆ ਵੀ ਸਦਨ ’ਚ ਨਹੀਂ ਆਏ। ਸਾਬਕਾ ਮੁੱੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਬਜਟ ਸੈਸ਼ਨ ਵਿੱਚ ਨਹੀਂ ਪੁੱਜੇ ਹਨ। ਇਸੇ ਤਰ੍ਹਾਂ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਵੀ ਨਜ਼ਰ ਨਹੀਂ ਆਏ।

ਕੇਂਦਰੀ ਅਨਿਆਂ ਦਾ ਰਾਗ ਗਾਇਬ

ਰਾਜਪਾਲ ਦੇ ਭਾਸ਼ਣ ’ਚੋਂ ਅੱਜ ਕੇਂਦਰੀ ਅਨਿਆਂ ਤੇ ਪੰਜਾਬ ਦੇ ਮੂਲ ਮੁੁੱਦੇ ਗਾਇਬ ਰਹੇ। ਦਰਿਆਈ ਪਾਣੀਆਂ, ਸੂਬਿਆਂ ਨੂੰ ਵੱਧ ਅਧਿਕਾਰ ਅਤੇ ਰਾਜਧਾਨੀ ਦੇ ਮਾਮਲੇ ਤੋਂ ਇਲਾਵਾ ਕੇਂਦਰੀ ਵਿਤਕਰੇ ਦੇ ਉਹ ਮਾਮਲੇ ਵੀ ਭਾਸ਼ਣ ’ਚ ਨਜ਼ਰ ਨਹੀਂ ਆਏ ਜਿਨ੍ਹਾਂ ਬਾਰੇ ਕਾਂਗਰਸ ਸਰਕਾਰ ਅਕਸਰ ਚਰਚਾ ਕਰਦੀ ਰਹਿੰਦੀ ਹੈ। ਭਾਵੇਂ ਉਹ ਜੀਐਸਟੀ ਦੇ ਬਕਾਏ ਵਾਲਾ ਹੋਵੇ ਤੇ ਭਾਵੇਂ ਦਿਹਾਤੀ ਵਿਕਾਸ ਫੰਡ ਦਾ ਹੋਵੇ। 

ਪੈਡਲਾਂ ਨੇ ‘ਆਪ’ ਤੋਂ ਮੌਕਾ ਖੋਹਿਆ

ਸਾਈਕਲ ਮਾਰਚ ਨੇ ਸਦਨ ’ਚ ‘ਆਪ’ ਹੱਥੋਂ ਰਾਜਪਾਲ ਦੇ ਭਾਸ਼ਣ ਦੇ ਵਿਰੋਧ ਦਾ ਉਹ ਮੌਕਾ ਖੋਹ ਲਿਆ ਜਿਸ ਨੂੰ ਪਹਿਲਾਂ ਹੀ ਅਕਾਲੀ ਦਲ ਨੇ ਆਪਣੇ ਹੱਥ ’ਚ ਲੈ ਲਿਆ ਸੀ। ਰਾਜਪਾਲ ਦਾ ਭਾਸ਼ਣ ਸ਼ੁਰੂ ਹੋਣ ਮੌਕੇ ਬਹੁਤ ਥੋੜ੍ਹੇ ‘ਆਪ’ ਵਿਧਾਇਕ ਹਾਜ਼ਰ ਸਨ। ਜਦੋਂ ਸਾਰੇ ‘ਆਪ’ ਵਿਧਾਇਕ ਜੁੜੇ ਤਾਂ ਉਦੋਂ ਤੱਕ ਸਪੀਕਰ ਦੇ ਆਸਨ ਅੱਗੇ ਅਕਾਲੀ ਵਿਧਾਇਕ ਥਾਂ ਮੱਲ ਚੁੱਕੇ ਸਨ।

ਸੰਘਰਸ਼ ਦੌਰਾਨ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ’ਚ ਅੱਜ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ’ਚ ਵਿਸ਼ੇਸ਼ ਤੌਰ ’ਤੇ ਕਿਸਾਨ ਘੋਲ ਦੌਰਾਨ ਮਾਰੇ ਗਏ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਸਦਨ ’ਚ ਇਸ ਮੌਕੇ ਵਿਛੜੀਆਂ ਰੂਹਾਂ ਦੀ ਯਾਦ ’ਚ 2 ਮਿੰਟ ਦਾ ਮੌਨ ਧਾਰਿਆ ਗਿਆ। ਸੈਸ਼ਨ ਦੇ ਪਹਿਲੇ ਦਿਨ ਸਦਨ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ ਚੱਲ ਰਹੇ ਕਿਸਾਨ ਘੋਲ ਦੌਰਾਨ ਆਪਣੀਆਂ ਜਾਨਾਂ ਗੁਵਾਉਣ ਵਾਲੇ ਕਿਸਾਨਾਂ ਤੇ ਖੇਤੀ ਕਾਮਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਦਨ ਵੱਲੋਂ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ, ਸਾਬਕਾ ਮੰਤਰੀ ਮਹਿੰਦਰ ਸਿੰਘ ਗਿੱਲ, ਮੇਜਰ ਸਿੰਘ ਉਬੋਕੇ, ਬਾਲ ਮੁਕੰਦ ਸ਼ਰਮਾ, ਸੱਤਪਾਲ ਗੋਸਾਈਂ ਤੇ ਸਤਵੰਤ ਕੌਰ ਸੰਧੂ, ਸਾਬਕਾ ਡਿਪਟੀ ਮੰਤਰੀ ਚੰਦਰਾਵਤੀ ਤੇ ਸਾਬਕਾ ਵਿਧਾਇਕ ਬ੍ਰਿਜ ਲਾਲ ਗੋਇਲ ਨੂੰ ਸ਼ਰਧਾਂਜਲੀ ਦਿੱਤੀ ਗਈ। ਸਦਨ ਵੱਲੋਂ ਪੰਜਾਬੀ ਗਾਇਕ ਸਰਦੂਲ ਸਿਕੰਦਰ, ਭਜਨ ਗਾਇਕ ਨਰਿੰਦਰ ਚੰਚਲ ਅਤੇ ਪੱਤਰਕਾਰ ਸਤਬੀਰ ਸਿੰਘ ਦਰਦੀ, ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ, ਆਜ਼ਾਦੀ ਘੁਲਾਟੀਆਂ ਅਜੀਤ ਸਿੰਘ, ਜਥੇਦਾਰ ਗੋਹਲ ਸਿੰਘ ਤੁੜ, ਬਲਵੰਤ ਸਿੰਘ ਤੇ ਹਰਬੰਸ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਬੇਨਤੀ ’ਤੇ ਨਾਮੀ ਰੰਗਕਰਮੀ ਮੋਹਨ ਮਿੱਢਾ ਤੇ ਪ੍ਰਸਿੱਧ ਲੇਖਕ ਦਰਸ਼ਨ ਦਰਵੇਸ਼ ਦਾ ਨਾਂ ਵੀ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਸਦਨ ’ਚ ਇਸੇ ਦੌਰਾਨ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇੱਕ ਪਿਉ-ਪੁੱਤ ਵੱਲੋਂ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ ਦਾ ਜ਼ਿਕਰ ਕਰਦੇ ਹੋਏ ਸ਼ਰਧਾਂਜਲੀਆਂ ਵਾਲੀ ਸੂਚੀ ’ਚ ਇਸ ਕਿਸਾਨ ਪਿਓ ਪੁੱਤ ਦਾ ਨਾਮ ਸ਼ਾਮਿਲ ਕਰਨ ਲਈ ਕਿਹਾ। ਇਸ ਦੌਰਾਨ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਪਿਛਲੇ ਸੈਸ਼ਨ ਤੋਂ ਬਾਅਦ ਅਕਾਲ ਚਲਾਣਾ ਕਰਨ ਵਾਲੇ ਮੈਂਬਰਾਂ ਨੂੰ ਸ਼ਰਧਾਂਜਲੀ ਮਤਾ ਪੇਸ਼ ਕੀਤਾ। ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਮਗਰੋਂ ਸਬੰਧਤ ਪਰਿਵਾਰਾਂ ਨੂੰ ਸਦਨ ਵੱਲੋਂ ਪ੍ਰਗਟਾਏ ਸ਼ੋਕ ਬਾਰੇ ਜਾਣੂ ਕਰਵਾਉਣ ਲਈ ਮਤਾ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ।

ਤੇ ਬਦਨੌਰ ਝਕਾਨੀ ਦੇ ਕੇ ਨਿਕਲ ਗਏ..!

ਚੰਡੀਗੜ੍ਹ : ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਕੇਂਦਰੀ ਖੇਤੀ ਕਾਨੂੰਨ ਖ਼ਿਲਾਫ਼ ਰੋਸ ਵਜੋਂ ਵਿਧਾਨ ਸਭਾ ਦੇ ਸਦਨ ਦੇ ਬਾਹਰ ਵੀ ਵਿਰੋਧ ਝੱਲਣਾ ਪਿਆ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਰਾਜਪਾਲ ਦੇ ਭਾਸ਼ਣ ਮਗਰੋਂ ਵਿਧਾਨ ਸਭਾ ਸਕੱਤਰੇਤ ’ਚ ‘ਗਵਰਨਰ ਗੇਟ’ ’ਤੇ ਰਾਜਪਾਲ ਦਾ ਰਾਹ ਰੋਕ ਲਿਆ। ਰਾਜਪਾਲ ਵਿਰੋਧ ਨੂੰ ਦੇਖਦੇ ਹੋਏ ਸਕੱਤਰੇਤ ਵਿੱਚ ਮਾਹੌਲ ਸ਼ਾਂਤ ਹੋਣ ਦੀ ਉਡੀਕ ਕਰਦੇ ਰਹੇ। ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਦੇ ਵਿਧਾਇਕ ਇੱਕ-ਦੂਜੇ ਤੋਂ ਦੂਰੀ ’ਤੇ ‘ਰਾਜਪਾਲ ਗੇਟ’ ਕੋਲ ਖੜ੍ਹ ਕੇ ਕਾਫੀ ਦੇਰ ਨਾਅਰੇ ਮਾਰਦੇ ਰਹੇ। ਅਚਾਨਕ ਰਾਜਪਾਲ ਦੀਆਂ ਗੱਡੀਆਂ ਜਦੋਂ ਵਿਸ਼ੇਸ਼ ਗੇਟ ਤੋਂ ਹਟਾ ਦਿੱਤੀਆਂ ਗਈਆਂ ਅਤੇ ਵਿਰੋਧੀ ਵਿਧਾਇਕਾਂ ਨੇ ਰੌਲਾ ਪਾ ਦਿੱਤਾ ਕਿ ਰਾਜਪਾਲ ਸਕੱਤਰੇਤ ਦੇ ਪਿਛਲੇ ਦਰਵਾਜਿਓਂ ਚਲੇ ਗਏ ਹਨ। ਹੋਇਆ ਇੰਝ ਕਿ ਰਾਜਪਾਲ ਨੇ ‘ਰਾਜਪਾਲ ਗੇਟ’ ਤੋਂ ਗੱਡੀਆਂ ਹਟਾ ਕੇ ਝਕਾਨੀ ਦਿੱਤੀ ਸੀ। ਵਿਰੋਧੀ ਧਿਰ ਦੇ ਵਿਧਾਇਕ ‘ਰਾਜਪਾਲ ਗੇਟ’ ਨੂੰ ਛੱਡ ਕੇ ਸਕੱਰਤੇਤ ਦੀ ਪਹਿਲੀ ਮੰਜ਼ਿਲ ’ਤੇ ਚਲੇ ਗਏ ਤਾਂ ਉਦੋਂ ਹੀ ਮੌਕਾ ਤਾੜਦਿਆਂ ਰਾਜਪਾਲ ਇਸੇ ਵਿਸ਼ੇਸ਼ ਗੇਟ ਰਾਹੀਂ ਸਕੱਤਰੇਤ ’ਚੋਂ ਵਾਪਸ ਚਲੇ ਗਏ। ਜਦੋਂ ‘ਵਿਸ਼ੇਸ਼ ਗੇਟ’ ’ਚੋਂ ਰਾਜਪਾਲ ਨਿਕਲ ਰਹੇ ਸਨ ਤਾਂ ਅਕਾਲੀ ਵਿਧਾਇਕਾਂ ਨੂੰ ਇਸ ਦੀ ਭਿਣਕ ਪਈ ਪਰ ਉਸ ਸਮੇਂ ਤੱਕ ਮੌਕਾ ਹੱਥੋਂ ਨਿਕਲ ਗਿਆ ਸੀ। ਅਕਾਲੀ ਵਿਧਾਇਕਾਂ ਨੇ ਰਾਜਪਾਲ ਦੀ ਆਮਦ ਮੌਕੇ ਸਕੱਤਰੇਤ ’ਚ ਵਿਛਾਇਆ ਗਲੀਚਾ ਵੀ ਉਖਾੜ ਦਿੱਤਾ। ਰਾਜਪਾਲ ਦੇ ਸੁਰੱਖਿਅਤ ਲਾਂਘੇ ਲਈ ਮਾਰਸ਼ਲਾਂ ਨੇ ਮਨੁੱਖੀ ਦੀਵਾਰ ਬਣਾਈ ਹੋਈ ਸੀ। ‘ਆਪ’ ਵਿਧਾਇਕ ਵੀ ਤਖ਼ਤੀਆਂ ਲੈ ਕੇ ਇਸ ਲਾਂਘੇ ਵਿੱਚ ਪਹਿਲਾਂ ਹੀ ਖੜ੍ਹੇ ਹੋਏ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All