ਬੇਰੁਜ਼ਗਾਰਾਂ ਵੱਲੋਂ ਪਾਵਰਕੌਮ ਦਫ਼ਤਰ ਅੱਗੇ ਧਰਨਾ
ਸਰਬਜੀਤ ਸਿੰਘ ਭੰਗੂ
ਬਿਜਲੀ ਵਿਭਾਗ ’ਚ ਸਹਾਇਕ ਲਾਈਨਮੈਨ ਦੀ ਆਸਾਮੀ ਲਈ ਲੋੜੀਂਦੀ ਪ੍ਰਕਿਰਿਆ ’ਚੋਂ ਦੀ ਲੰਘਣ ਲਈ ਅਪ੍ਰੈਂਟਿਸਸ਼ਿਪ ਵਾਸਤੇ ਯੋਗ ਹੋਣ ਦੇ ਬਾਵਜੂਦ ਅਦਾਰੇ ਵੱਲੋਂ ਜੁਆਇਨ ਨਾ ਕਰਵਾਉਣ ਤੋਂ ਖਫ਼ਾ ਵੱਡੀ ਗਿਣਤੀ ਨੌਜਵਾਨਾਂ ਨੇ ਅੱਜ ਮੁੜ ਪਾਵਰਕੌਮ ਦੇ ਮੁੱਖ ਦਫ਼ਤਰ ਸਾਹਮਣੇ ਅੱਜ ਪੱਕਾ ਧਰਨਾ ਸ਼ਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਦਫ਼ਤਰ ਸਾਹਮਣੇ ਸਥਿਤ ਮਾਲ ਰੋਡ ਦੇ ਕੰਢੇ ਪਾਰਕ ’ਚ ਤੰਬੂ ਗੱਡ ਕੇ ਆਰਜ਼ੀ ਰਿਹਾਇਸ਼ ਦਾ ਪ੍ਰਬੰਧ ਕਰ ਲਿਆ ਹੈ। ਮੈਨੇਜਮੈਂਟ ਤੇ ਪੁਲੀਸ ਨੂੰ ਆਸ ਸੀ ਕਿ ਨੌਜਵਾਨ ਪ੍ਰਦਰਸ਼ਨ ਮਗਰੋਂ ਘਰਾਂ ਨੂੰ ਪਰਤ ਜਾਣਗੇ ਪਰ ਉਨ੍ਹਾਂ ਨੇ ਤੰਬੂ ਗੱਡ ਲਏ। ਗੱਲਬਾਤ ਦਾ ਉਲੀਕਿਆ ਪ੍ਰੋਗਰਾਮ ਭਲਕੇ ਤੱਕ ਮੁਲਤਵੀ ਕਰ ਦਿੱਤਾ ਹੈ। ਇਸ ਸੰਘਰਸ਼ ਦੀ ਅਗਵਾਈ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਰਿੰਦਰ ਸਿੰਘ ਕਰ ਰਹੇ ਹਨ। ਇੱਥੇ ਹੀ ਮੀਟਿੰਗ ਮਗਰੋਂ ਉਨ੍ਹਾਂ ਨੇ ਰਾਤ ਅੱਠ ਵਜੇ ਐਲਾਨ ਕੀਤਾ ਕਿ ਉਹ ਆਪਣੀ ਮੰਗ ਮੰਨੇ ਜਾਣ ਤੱਕ ਇੱਥੇ ਹੀ ਡਟੇ ਰਹਿਣਗੇ। ਅੱਜ ਇਸੇ ਮੰਚ ਤੋਂ ਮੁੱਖ ਮੰਤਰੀ ਅਤੇ ਸੀ ਐੱਮ ਡੀ ਨੂੰ ਪੱਤਰ ਦੇ ਰੂਪ ’ਚ ਜਾਰੀ ਕੀਤੀ ਅਪੀਲ ’ਚ ਦੱਸਿਆ ਕਿ ਗਿਆ ਕਿ ਇਕ ਸਾਲ ਅਪ੍ਰੈਂਟਿਸਸ਼ਿਪ ਲਾਈਨਮੈਨ ਟਰੇਡ ਲਈ ਜੂਨ 2025 ਲਏ ਇਮਤਿਹਾਨ ਦਾ 18 ਅਗਸਤ ਨੂੰ ਨਤੀਜਾ ਐਲਾਨਿਆ ਗਿਆ ਸੀ। ਇਸ ਮਗਰੋਂ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਵੀ ਪਿਛਲੇ ਮਹੀਨੇ ਮੁਕੰਮਲ ਹੋ ਚੁੱਕੀ ਹੈ ਪਰ ਉਨ੍ਹਾਂ ਨੂੰ ਜੁਆਇਨ ਨਹੀਂ ਕਰਵਾਇਆ ਜਾ ਰਿਹਾ। ਪ੍ਰਧਾਨ ਨੇ ਕਿਹਾ ਕਿ 28 ਅਕਤੂਬਰ ਨੂੰ ਉਨ੍ਹਾਂ ਇੱਥੇ ਧਰਨਾ ਦੇਣ ਮੌਕੇ ਮੈਨੇਜਮੈਂਟ ਨੇ ਹਫ਼ਤੇ ’ਚ ਜੁਆਇਨ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਜੁਆਇਨ ਨਹੀਂ ਕਰਵਾਇਆ। ਡੀ ਐੱਸ ਪੀ ਸਤਿਨਾਮ ਸਿੰਘ ਸੰਘਾ ਦੀ ਦੇਖ-ਰੇਖ ਹੇਠ ਸੁਰੱਖਿਆ ਪ੍ਰਬੰਧਾਂ ਵਜੋਂ ਇੱਥੇ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
