ਮੁੱਖ ਮੰਤਰੀ ਨਿਵਾਸ ਨੇੜੇ ਬੇਰੁਜ਼ਗਾਰਾਂ ਨੂੰ ਧੱਕੇ
ਗਾਂਧੀ ਜੈਅੰਤੀ ਮੌਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਨੇੜੇ ਪੁੱਜੇ ਬੇਰੁਜ਼ਗਾਰਾਂ ਨੂੰ ਪੁਲੀਸ ਨਾਲ ਧੱਕਾ-ਮੁੱਕੀ ਦਾ ਸਾਹਮਣਾ ਕਰਨਾ ਪਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ...
ਗਾਂਧੀ ਜੈਅੰਤੀ ਮੌਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਨੇੜੇ ਪੁੱਜੇ ਬੇਰੁਜ਼ਗਾਰਾਂ ਨੂੰ ਪੁਲੀਸ ਨਾਲ ਧੱਕਾ-ਮੁੱਕੀ ਦਾ ਸਾਹਮਣਾ ਕਰਨਾ ਪਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ, ਹਰਜਿੰਦਰ ਝੁਨੀਰ, ਲਖਵੀਰ ਸਿੰਘ ਭਰੀ ਅਤੇ ਗੁਰਪਿਆਰ ਸਿੰਘ ਦੀ ਅਗਵਾਈ ਹੇਠ ਬੇਰੁਜ਼ਗਾਰ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਅਤੇ ਬਾਅਦ ਦੁਪਹਿਰ ਕਰੀਬ ਇੱਕ ਵਜੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ।
ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਪੁਲੀਸ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਦੌਰਾਨ ਬੇਰੁਜ਼ਗਾਰਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਕਈ ਵਾਰ ਧੱਕਾ-ਮੁੱਕੀ ਹੋਈ।
ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ ਤੁਰੰਤ ਮੀਟਿੰਗ ਨਾ ਕਰਵਾਏ ਜਾਣ ’ਤੇ ਬੇਰੁਜ਼ਗਾਰਾਂ ਨੇ ਮੁੜ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਨੀਸ਼ ਕੁਮਾਰ ਵਾਸੀ ਫਾਜ਼ਿਲਕਾ ਨੇ ਨੇੜਲੇ ਪਿੰਡ ਖੁਰਾਣਾ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਰੋਸ ਜਤਾਇਆ। ਇਸ ਤੋਂ ਬਾਅਦ ਬੇਰੁਜ਼ਗਾਰਾਂ ਨੇ ਆਪਣਾ ਧਰਨਾ ਟੈਂਕੀ ਨੇੜੇ ਲਗਾ ਦਿੱਤਾ।
ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਨਾਲ ਗੱਲਬਾਤ ਜਾਰੀ ਰੱਖੀ ਗਈ। ਲਾਇਬ੍ਰੇਰੀਅਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜ ਸਿੰਘ ਸਮੇਤ ਵੱਖ-ਵੱਖ ਆਗੂ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਰਘੁਵੀਰ ਸਿੰਘ ਭਵਾਨੀਗੜ੍ਹ ਵੀ ਮੌਜੂਦ ਰਹੇ। ਆਖ਼ਰ ਪ੍ਰਸ਼ਾਸਨ ਵੱਲੋਂ 6 ਅਕਤੂਬਰ ਨੂੰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਸਿੱਖਿਆ ਸਕੱਤਰ, ਪਰਸੋਨਲ ਸਕੱਤਰ ਅਤੇ ਸਿਹਤ ਸਕੱਤਰ ਨਾਲ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ ਗਈ।
ਇਸ ਭਰੋਸੇ ਤੋਂ ਬਾਅਦ ਦੇਰ ਸ਼ਾਮ ਮੁਨੀਸ਼ ਕੁਮਾਰ ਨੂੰ ਟੈਂਕੀ ਤੋਂ ਉਤਾਰਿਆ ਗਿਆ ਅਤੇ ਬੇਰੁਜ਼ਗਾਰਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।

