DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

UK Road Rage Case: ਇੰਗਲੈਂਡ 'ਚ ਸੜਕ ਕਿਨਾਰੇ ਖੜ੍ਹੇ ਪਤੀ-ਪਤਨੀ 'ਤੇ ਕਾਰ ਚੜ੍ਹਾਉਣ ਵਾਲੇ ਪੰਜਾਬੀ ਹਰਿੰਦਰਪਾਲ ਅਥਵਾਲ ਨੂੰ 11 ਸਾਲ ਦੀ ਕੈਦ

ਬਰਮਿੰਘਮ ਦੀ ਅਦਾਲਤ ਵੱਲੋਂ ਵੱਡਾ ਫ਼ੈਸਲਾ; ਘਟਨਾ 'ਚ ਪਤੀ ਦੀ ਹੋਈ ਸੀ ਮੌਤ ਤੇ ਪਤਨੀ ਗੰਭੀਰ ਜ਼ਖ਼ਮੀ

  • fb
  • twitter
  • whatsapp
  • whatsapp
Advertisement

ਇੰਗਲੈਂਡ ਦੀ ਇੱਕ ਅਦਾਲਤ ਨੇ ਸੋਹੋ ਰੋਡ ’ਤੇ ਵਾਪਰੇ ਇੱਕ ਖ਼ੌਫ਼ਨਾਕ ਸੜਕ ਹਾਦਸੇ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ ਵਿਅਕਤੀ ਨੂੰ 11 ਸਾਲ ਅਤੇ ਤਿੰਨ ਮਹੀਨੇ ਦੀ ਕੈਦ ਦੀ ਸਖ਼ਤ ਸਜ਼ਾ ਸੁਣਾਈ ਹੈ। ਵੈਸਟ ਮਿਡਲੈਂਡਜ਼ ਪੁਲੀਸ ਮੁਤਾਬਕ, 41 ਸਾਲਾ ਹਰਿੰਦਰਪਾਲ ਅਥਵਾਲ ਨੇ ਲੰਘੇ ਸਾਲ 16 ਦਸੰਬਰ ਦੀ ਸਵੇਰ ਬਰਮਿੰਘਮ ਸਿਟੀ ਸੈਂਟਰ ਤੋਂ ਨਿਕਲਣ ਤੋਂ ਬਾਅਦ ਸੋਹੋ ਰੋਡ ’ਤੇ ਆਪਣੀ ਕਾਰ ਲਾਪਰਵਾਹੀ ਨਾਲ ਚਲਾਈ। ਉਸ ਨੇ ਆਪਣੀ ਗੱਡੀ ਸਾਹਮਣੇ ਤੋਂ ਆ ਰਹੀ ਟਰੈਫਿਕ ਵੱਲ ਮੋੜ ਦਿੱਤੀ ਅਤੇ ਫਿਰ ਫੁੱਟਪਾਥ (ਪੇਵਮੈਂਟ) ’ਤੇ ਚੜ੍ਹਾ ਦਿੱਤੀ। ਇਸ ਦੌਰਾਨ ਉੱਥੇ ਖੜ੍ਹੇ ਇੱਕ 54 ਸਾਲਾ ਵਿਅਕਤੀ ਅਤੇ ਉਸ ਦੀ 47 ਸਾਲਾ ਪਤਨੀ ਨੂੰ ਅਥਵਾਲ ਨੇ ਆਪਣੀ ਕਾਰ ਦੀ ਲਪੇਟ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਕਾਰ ਇੱਕ ਖੜ੍ਹੇ ਵਾਹਨ ਨਾਲ ਜਾ ਟਕਰਾਈ। ਇੱਥੇ ਹੀ ਬਸ ਨਹੀਂ, ਮੁਲਜ਼ਮ ਨੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਕਾਰ ਨੂੰ ਪਿੱਛੇ ਮੋੜਿਆ ਅਤੇ ਦੁਬਾਰਾ ਉਸ ਵਿਅਕਤੀ 'ਤੇ ਚੜ੍ਹਾ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

ਪਤੀ ਦੀ ਮੌਕੇ ’ਤੇ ਮੌਤ, ਪਤਨੀ ਹਸਪਤਾਲ ਦਾਖ਼ਲ

ਇਸ ਦਰਦਨਾਕ ਹਾਦਸੇ ਵਿੱਚ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪੀੜਤ ਔਰਤ ਨੂੰ ਅਜਿਹੀਆਂ ਸੱਟਾਂ ਲੱਗੀਆਂ ਹਨ ਜਿਸ ਨੇ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਹੈ।

Advertisement

ਅਦਾਲਤ ਵਿੱਚ ਪੀੜਤ ਵਿਧਵਾ ਨੇ ਆਪਣੇ ਬਿਆਨਾਂ ਵਿੱਚ ਭਾਵੁਕ ਹੁੰਦਿਆਂ ਕਿਹਾ ਕਿ ਅਥਵਾਲ ਦੇ ਇਸ ਗੁਨਾਹ ਨੇ ਉਸ ਦੇ ਪਤੀ ਨੂੰ ਖੋਹ ਲਿਆ, ਉਸ ਦੀ ਸਿਹਤ ਬਰਬਾਦ ਕਰ ਦਿੱਤੀ ਅਤੇ ਉਸ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਆਪਣੇ ਪਤੀ ਲਈ ਰੋਂਦੀ ਹੈ, ਜੋ ਉਸ ਦਾ ਮਾਨਸਿਕ ਸਹਾਰਾ, ਤਾਕਤ ਅਤੇ ਪਰਿਵਾਰ ਦੀ ਮੁੱਖ ਕੜੀ ਸਨ।

Advertisement

ਓਲਡਬਰੀ ਦੇ ਸੋਰਲ ਕਲੋਜ਼ ਦੇ ਰਹਿਣ ਵਾਲੇ ਹਰਿੰਦਰਪਾਲ ਅਥਵਾਲ ਨੂੰ ਪੁਲੀਸ ਨੇ ਘਟਨਾ ਦੇ ਇੱਕ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਕਿਸੇ ਦੀ ਮੌਤ ਹੋ ਚੁੱਕੀ ਹੈ। ਮੁਲਜ਼ਮ ਨੇ 19 ਜਨਵਰੀ ਨੂੰ ਅਦਾਲਤ ਵਿੱਚ ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਸਣੇ ਕਈ ਗੰਭੀਰ ਅਪਰਾਧਾਂ ਤਹਿਤ ਆਪਣਾ ਗੁਨਾਹ ਕਬੂਲ ਕਰ ਲਿਆ ਸੀ।

ਲੰਘੀ 13 ਮਈ ਨੂੰ ਬਰਮਿੰਘਮ ਕਰਾਊਨ ਕੋਰਟ ਨੇ ਇਸ ਮਾਮਲੇ ’ਤੇ ਸੁਣਵਾਈ ਕਰਦਿਆਂ ਅਥਵਾਲ ਨੂੰ 11 ਸਾਲ 3 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਰਿਹਾਈ ਤੋਂ ਬਾਅਦ ਅਗਲੇ 20 ਸਾਲਾਂ ਤੱਕ ਉਸ ਦੇ ਡਰਾਈਵਿੰਗ ਕਰਨ ’ਤੇ ਵੀ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।

Advertisement
×