DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda Jail ’ਚ ‘ਉਜਾਲਾ ਰੇਡੀਓ’ ਦੀ ਸ਼ੁਰੂਆਤ; ਸੈਸ਼ਨ ਜੱਜ ਨੇ ਕੀਤਾ ਉਦਘਾਟਨ

ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕੇਂਦਰੀ ਜੇਲ੍ਹ ਅਤੇ ਮਹਿਲਾ ਜੇਲ੍ਹ ਦਾ ਕੀਤਾ ਦੌਰਾ

  • fb
  • twitter
  • whatsapp
  • whatsapp
featured-img featured-img
ਬਠਿੰਡਾ ਕੇਂਦਰੀ ਜੇਲ੍ਹ ਵਿੱਚ ‘ਉਜਾਲਾ ਰੇਡੀਓ’ ਦੀ ਸ਼ੁਰੂਆਤ। ਫੋਟੋ; ਮਨੋਜ ਸ਼ਰਮਾ
Advertisement

ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੇ ਚੇਅਰਮੈਨ ਕਰੁਨੇਸ਼ ਕੁਮਾਰ ਨੇ ਬੁੱਧਵਾਰ ਨੂੰ ਕੇਂਦਰੀ ਜੇਲ੍ਹ ਅਤੇ ਮਹਿਲਾ ਜੇਲ੍ਹ ਬਠਿੰਡਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸੀ.ਜੇ.ਐਮ. ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਮਿਸ ਬਲਜਿੰਦਰ ਕੌਰ ਮਾਨ ਅਤੇ ਜੇ.ਐੱਮ.ਆਈ.ਸੀ. ਇੰਦਰਜੀਤ ਸਿੰਘ ਵੀ ਮੌਜੂਦ ਸਨ।

ਦੌਰੇ ਦੌਰਾਨ ਕੈਦੀਆਂ ਦੀ ਕਾਨੂੰਨੀ ਜਾਗਰੂਕਤਾ, ਮਾਨਸਿਕ ਸਿਹਤ, ਮਨੋਰੰਜਨ ਅਤੇ ਸੁਧਾਰਾਤਮਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੇਂਦਰੀ ਜੇਲ੍ਹ ਵਿੱਚ ‘ਉਜਾਲਾ ਰੇਡੀਓ’ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕਰੁਨੇਸ਼ ਕੁਮਾਰ ਨੇ ਕਿਹਾ ਕਿ ਇਹ ਰੇਡੀਓ ਸਟੇਸ਼ਨ ਕੈਦੀਆਂ ਨੂੰ ਕਾਨੂੰਨੀ ਜਾਣਕਾਰੀ, ਸਿਹਤ ਸਬੰਧੀ ਸੁਨੇਹੇ, ਸਿੱਖਿਆ, ਪ੍ਰੇਰਣਾਦਾਇਕ ਵਿਚਾਰ ਅਤੇ ਮਨੋਰੰਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸੁਧਾਰ ਅਤੇ ਪੁਨਰਵਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਕੈਦੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਰੇਡੀਓ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਲਈ ਵੀ ਪ੍ਰੇਰਿਤ ਕੀਤਾ।

Advertisement

ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨਾਲ ਰੂ-ਬ-ਰੂ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ, ਲੋੜਾਂ ਅਤੇ ਸੁਝਾਵ ਸੁਣੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕੈਦੀਆਂ ਦੇ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਮੁਫ਼ਤ ਕਾਨੂੰਨੀ ਸਹਾਇਤਾ, ਸਿਹਤ ਸੇਵਾਵਾਂ ਅਤੇ ਸਰਕਾਰੀ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

Advertisement

ਇਸ ਤੋਂ ਬਾਅਦ ਜੇਲ੍ਹ ਵਿੱਚ ਰਿਹਾਇਸ਼, ਸਫ਼ਾਈ, ਰਸੋਈ, ਮੈਡੀਕਲ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲੈਂਦਿਆਂ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਕਿ ਕੈਦੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਨਿਯਮਾਂ ਅਨੁਸਾਰ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਣ ਅਤੇ ਉਨ੍ਹਾਂ ਦੀ ਸਿਹਤ, ਸੁਰੱਖਿਆ ਤੇ ਭਲਾਈ ਨੂੰ ਪਹਿਲ ਦਿੱਤੀ ਜਾਵੇ।

ਕਰੁਨੇਸ਼ ਕੁਮਾਰ ਨੇ ਕਿਹਾ ਕਿ ਜੇਲ੍ਹਾਂ ਦਾ ਮਕਸਦ ਸਿਰਫ਼ ਸਜ਼ਾ ਦੇਣਾ ਨਹੀਂ, ਸਗੋਂ ਕੈਦੀਆਂ ਦਾ ਸੁਧਾਰ, ਪੁਨਰਵਾਸ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਦੁਬਾਰਾ ਜੋੜਨਾ ਵੀ ਹੈ। ਇਸ ਲਈ ਸਿੱਖਿਆ, ਹੁਨਰ ਵਿਕਾਸ, ਸਿਹਤ ਸੰਭਾਲ ਅਤੇ ਕੌਂਸਲਿੰਗ ਵਰਗੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਣ ਦੀ ਲੋੜ ਹੈ। ਜੇਲ੍ਹ ਪ੍ਰਸ਼ਾਸਨ ਨੇ ਵੀ ਅਧਿਕਾਰੀਆਂ ਨੂੰ ਜੇਲ੍ਹਾਂ ਵਿੱਚ ਚੱਲ ਰਹੀਆਂ ਸੁਧਾਰਾਤਮਕ ਅਤੇ ਪੁਨਰਵਾਸ ਸਬੰਧੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।

ਇਸ ਮੌਕੇ ਮਨੋਚਿਕਿਤਸਕ ਡਾ. ਸ਼ਰਨਦੀਪ ਕੌਰ ਨੇ ਕੈਦੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਸਬੰਧੀ ਲੋੜਾਂ ਦਾ ਜਾਇਜ਼ਾ ਲਿਆ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਉਸ਼ਾ ਗੋਇਲ ਨੇ ਜੇਲ੍ਹ ਵਿੱਚ ਉਪਲੱਬਧ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ, ਜਦਕਿ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਨੇ ਮਹਿਲਾ ਜੇਲ੍ਹ ਵਿੱਚ ਬੰਦ ਮਹਿਲਾਵਾਂ ਅਤੇ ਉਨ੍ਹਾਂ ਨਾਲ ਰਹਿ ਰਹੇ ਬੱਚਿਆਂ ਲਈ ਉਪਲੱਬਧ ਸਹੂਲਤਾਂ ਦਾ ਨਿਰੀਖਣ ਕੀਤਾ।

Advertisement
×