ਕਾਲਾ ਗਾਬਾ ਦੇ ਕਤਲ ਦੀ ਜ਼ਿੰਮੇਵਾਰੀ ਟਾਈਸਨ ਬਿਸ਼ਨੋਈ ਗੈਂਗ ਨੇ ਲਈ
ਸੋਸ਼ਲ ਮੀਡੀਆ ’ਤੇ ਕਤਲ ਦੇ ਕਾਰਨਾਂ ਦਾ ਖੁਲਾਸਾ ਕੀਤਾ; ਪੰਜਾਬੀ ਫਿਲਮ ਇੰਡਸਟਰੀ ਦੇ ਨਿਰਮਾਤਾਵਾਂ ਅਤੇ ਡਾਕਟਰਾਂ ਨੂੰ ਵੀ ਚਿਤਾਵਨੀ ਦਿੱਤੀ
ਕਸਬਾ ਮਖੂ ਦੇ ਮੇਨ ਬਜ਼ਾਰ ਵਿੱਚ ਪਹਿਲੀ ਜੂਨ ਨੂੰ ਕਰਿਆਨਾ ਸਟੋਰ ਦੇ ਮਾਲਕ ਗੁਰਚਰਨ ਸਿੰਘ ਕਾਲਾ ਗਾਬਾ ਦੇ ਕਤਲ ਦੀ ਜ਼ਿੰਮੇਵਾਰੀ ਆਰ ਡੀ ਧਾਲੀਵਾਲ, ਹਰਮਨ ਸੰਧੂ ਅਤੇ ਟਾਈਸਨ ਬਿਸ਼ਨੋਈ ਗੈਂਗ ਨੇ ਲਈ ਹੈ। ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਗਏ ਪੱਤਰ ਵਿੱਚ ਗੈਂਗ ਦੇ ਇੱਕ ਮੈਂਬਰ ਨੇ ਲਿਖਿਆ ਕਿ ਮਖੂ ਵਿੱਚ ਹੋਏ ਕਾਲਾ ਗਾਬਾ ਕਤਲ ਦੀ ਜ਼ਿੰਮੇਵਾਰੀ ਉਸ ਦਾ ਗਰੁੱਪ ਲੈਂਦਾ ਹੈ। ਉਸ ਨੇ ਕਿਹਾ ਕਿ ਕਾਲਾ ਗਾਬਾ ਨੇ ਅਜਿਹਾ ਕੰਮ ਕੀਤਾ ਸੀ ਜਿਸ ਨੂੰ ਕਿਸੇ ਵੀ ਕੀਮਤ ’ਤੇ ਮੁਆਫ਼ ਨਹੀਂ ਕੀਤਾ ਜਾ ਸਕਦਾ। ਪੱਤਰ ਵਿੱਚ ਕਿਹਾ ਕਿ ਵਪਾਰੀ ਨੇ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਅਤੇ ਉਸ ਨੂੰ ਕਈ ਤਸੀਹੇ ਦਿੱਤੇ ਸਨ। ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਸਬੰਧੀ ਵਪਾਰੀ ਨਾਲ ਦੋ ਸਾਲ ਗੱਲਬਾਤ ਕੀਤੀ ਅਤੇ ਫੋਨ ਵੀ ਕੀਤਾ ਪਰ ਵਪਾਰੀ ਨੇ ਨੰਬਰ ਬਲਾਕ ਕਰ ਦਿੱਤਾ। ਉਸ ਨੂੰ ਆਪਣੇ ਪੈਸੇ ਦਾ ਬਹੁਤ ਹੰਕਾਰ ਸੀ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਇਸ ਪੱਤਰ ਰਾਹੀਂ ਡਾਕਟਰਾਂ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਨਿਰਮਾਤਾਵਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਜੇ ਉਸ ਦੇ ਗਰੁੱਪ ਵੱਲੋਂ ਕਿਸੇ ਨੂੰ ਵੀ ਫੋਨ ਕੀਤਾ ਗਿਆ ਹੈ ਤਾਂ ਉਹ ਸਾਵਧਾਨ ਰਹਿਣ। ਇਹ ਨਾ ਸੋਚਿਆ ਜਾਵੇ ਕਿ ਉਹ ਸਭ ਕੁਝ ਭੁੱਲ ਗਏ ਹਨ। ਪੱਤਰ ਦੇ ਅਖੀਰ ਵਿੱਚ ਗਰੁੱਪ ਤੋਂ ਵੱਖ ਹੋਏ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਪਏ ਕੁਝ ਵਿਅਕਤੀਆਂ ਨੂੰ ਤਾੜਨਾ ਕਰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਨਾਲ ਨਜਿੱਠਣ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ।

