ਜਗਰਾਉਂ ਦੇ ਇੱਕੋ ਪਿੰਡ ਵਿੱਚ ਨਸ਼ੇ ਕਾਰਨ ਦੋ ਨੌਜਵਾਨਾਂ ਦੀ ਮੌਤ: ਪਿੰਡ ਵਿੱਚ ਪਸਰਿਆ ਮਾਤਮ
ਇੱਕ ਨੌਜਵਾਨ ਦੀ ਲਾਸ਼ ਉਸ ਦੇ ਘਰ ਵਿੱਚ ਮਿਲੀ; ਜਦਕਿ ਦੂਜੇ ਵਿਆਹੇ ਹੋਏ ਨੌਜਵਾਨ ਦੀ ਲਾਸ਼ ਖੇਤ ਵਿਚਲੀ ਮੋਟਰ ਤੋਂ ਮਿਲੀ
ਬੇਟ ਇਲਾਕੇ ਦੇ ਪਿੰਡ ਮੁਨੱਵਰਪੁਰਾ (ਤਿਹਾੜਾ) ਵਿੱਚ ਅੱਜ ਇੱਕੋ ਦਿਨ ਦੋ ਨੌਜਵਾਨਾਂ ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਇੱਕੋ ਪਿੰਡ ਵਿੱਚ ਇਸ ਤਰ੍ਹਾਂ ਦੋ ਨੌਜਵਾਨਾਂ ਦੀ ਹੋਈ ਮੌਤ ਦੀ ਘਟਨਾ ਨੇ ਪਿੰਡ ਨੂੰ ਸੁੰਨ ਕਰ ਦਿੱਤਾ, ਜਿਸ ਕਰਕੇ ਮੌਕੇ 'ਤੇ ਪੂਰਾ ਪਿੰਡ ਡੂੰਘੇ ਸਦਮੇ ਵਿੱਚ ਦੇਖਿਆ ਗਿਆ।
ਇੱਕ ਨੌਜਵਾਨ ਦੀ ਲਾਸ਼ ਉਸ ਦੇ ਘਰ ਵਿੱਚ ਮਿਲੀ, ਜਦਕਿ ਦੂਜੇ ਵਿਆਹੇ ਹੋਏ ਨੌਜਵਾਨ ਦੀ ਲਾਸ਼ ਖੇਤ ਵਿਚਲੀ ਮੋਟਰ ਤੋਂ ਮਿਲੀ। ਘਰ ਵਿੱਚ ਮ੍ਰਿਤਕ ਮਿਲੇ ਨੌਜਵਾਨ ਦੀ ਪਛਾਣ ਪ੍ਰਿੰਸਪਾਲ ਸਿੰਘ ਉਰਫ਼ ਪ੍ਰਿੰਸ (22) ਪੁੱਤਰ ਕੁਲਵੀਰ ਸਿੰਘ ਵਜੋਂ ਅਤੇ ਮੋਟਰ ਤੋਂ ਮ੍ਰਿਤਕ ਮਿਲੇ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਰੀ (25) ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਪ੍ਰਿੰਸ ਕੁਆਰਾ ਸੀ, ਜਦਕਿ ਹੈਰੀ ਵਿਆਹਿਆ ਹੋਇਆ ਸੀ ਅਤੇ ਦੋ ਸਾਲਾ ਪੁੱਤ ਦਾ ਬਾਪ ਸੀ।
ਪਿੰਡ ਵਾਸੀਆਂ ਅਤੇ ਪੁਲੀਸ ਦੇ ਵੱਖੋ-ਵੱਖਰੇ ਦਾਅਵੇ
ਪਿੰਡ ਵਾਸੀਆਂ ਨੇ ਮੌਕੇ ’ਤੇ ਸਰਿੰਜਾਂ ਮਿਲਣ ਦਾ ਦਾਅਵਾ ਕੀਤਾ, ਜਦਕਿ ਪੁਲੀਸ ਨੇ ਇਨ੍ਹਾਂ ਨੌਜਵਾਨਾਂ ਦੀ ਮੌਤ ਨਸ਼ੇ ਨਾਲ ਹੋਣ ਦੀ ਪੁਸ਼ਟੀ ਨਹੀਂ ਕੀਤੀ। ਦੂਜੇ ਪਾਸੇ, ਪੀੜਤ ਪਰਿਵਾਰ ਅਤੇ ਮੌਕੇ ’ਤੇ ਮੌਜੂਦ ਪਿੰਡ ਵਾਸੀ ਸਿੱਧੇ ਤੌਰ ’ਤੇ ਇਨ੍ਹਾਂ ਮੌਤਾਂ ਲਈ ਨਸ਼ੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਸਰਕਾਰ, ਪੁਲੀਸ ਪ੍ਰਸ਼ਾਸਨ ਤੇ ਨਸ਼ਾ ਤਸਕਰਾਂ ’ਤੇ ਵੀ ਆਪਣਾ ਗੁੱਸਾ ਕੱਢਿਆ।
ਸਿਆਸੀ ਆਗੂਆਂ ਵੱਲੋਂ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ’ਤੇ ਸਵਾਲ
ਸਾਬਕਾ ਵਿਧਾਇਕ ਐੱਸ.ਆਰ. ਕਲੇਰ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਜੰਗ ਵਾਲੀ ਮੁਹਿੰਮ ਨੂੰ ਦਿਖਾਵਾ ਅਤੇ ਠੁੱਸ ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਸਹੀ ਹੁੰਦੇ, ਤਾਂ ਰੋਜ਼ ਮਾਂਵਾਂ ਦੇ ਪੁੱਤ ਇਉਂ ਨਾ ਮਰਦੇ। ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਬੁਰੀ ਤਰ੍ਹਾਂ ਫ਼ੇਲ੍ਹ ਦੱਸਦਿਆਂ ਉਨ੍ਹਾਂ ਮੁਨੱਵਰਪੁਰਾ ਦੀ ਇਸ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਇਸ ਦਾ ਸਬੂਤ ਕਰਾਰ ਦਿੱਤਾ।
ਇਸੇ ਪਿੰਡ ਦੇ ਰਹਿਣ ਵਾਲੇ ਸਹਿਕਾਰੀ ਸਭਾ ਦੇ ਪ੍ਰਧਾਨ ਜਗਤਾਰ ਸਿੰਘ ਦਿਓਲ ਮੁਤਾਬਕ ਨੌਜਵਾਨ ਨਸ਼ੇ ਕਰਕੇ ਹੀ ਮੌਤ ਦੇ ਮੂੰਹ ਵਿੱਚ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਜੇਕਰ ਪ੍ਰਭਾਵਸ਼ਾਲੀ ਹੁੰਦੀ, ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ। ਪਿੰਡ ਵਾਸੀਆਂ ਨੇ ਇਸ ਨੂੰ ਸਰਕਾਰ ਦੀ ਨਾਕਾਮੀ ਕਰਾਰ ਦਿੰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਅਤੇ ਜ਼ਮੀਨੀ ਪੱਧਰ ’ਤੇ ਕਾਰਵਾਈ ਦੀ ਮੰਗ ਕੀਤੀ ਹੈ।
ਪੁਲੀਸ ਦਾ ਪੱਖ
ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਅਤੇ ਥਾਣਾ ਸਿੱਧਵਾਂ ਬੇਟ ਦੇ ਮੁਖੀ ਅਮਰਜੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੀ ਮੌਤ ਨਸ਼ੇ ਕਰਕੇ ਨਹੀਂ ਹੋਈ ਹੈ, ਸਗੋਂ ਦੋਵੇਂ ਅੱਜ ਅਚਨਚੇਤ ਮ੍ਰਿਤਕ ਮਿਲੇ ਹਨ।

