SAD ਵੱਲੋਂ ਬਠਿੰਡਾ ਦੇ ਪਿੰਡ ਵਿੱਚ ਚਿੱਟੇ ਦੀ ਆਸਾਨੀ ਨਾਲ ਉਪਲਬਧਤਾ ਬਾਰੇ ਵੀਡੀਓ ਸਾਂਝੀ ਕਰਨ ਤੋਂ ਬਾਅਦ 'ਚਿੱਟੇ' ਸਮੇਤ ਦੋ ਹੋਰ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਅਰੁਣਪ੍ਰੀਤ ਸਿੰਘ ਗੱਗੂ ਨਾਂਅ ਦੇ ਮੁਲਜ਼ਮ ਨੂੰ ਵੀ 3 ਗ੍ਰਾਮ ਹੈਰੋਇਨ ਨਾਲ ਕੀਤਾ ਗਿਆ ਸੀ ਕਾਬੂ
ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਕਥਿਤ ਸਟਿੰਗ ਅਪਰੇਸ਼ਨ ਦਾ 3.12 ਮਿੰਟ ਦਾ ਵੀਡੀਓ ਸਾਂਝਾ ਕੀਤਾ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਸੰਗਤ ਕਲਾਂ ਪਿੰਡ ਵਿੱਚ 'ਚਿੱਟਾ' ਸਿਰਫ਼ 600 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ ਅਤੇ ਔਰਤਾਂ ਦੁਆਰਾ ਇਸ ਦੀ ਡਿਲਿਵਰੀ ਕੀਤੀ ਜਾਂਦੀ ਹੈ। ਵੀਡੀਓ ਤੋਂ ਇੱਕ ਦਿਨ ਬਾਅਦ, ਪੁਲੀਸ ਨੇ ਅੱਜ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਅਤੇ ਉਨ੍ਹਾਂ ਤੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਅਕਾਲੀ ਦਲ ਦੀ ਵੀਡੀਓ ਵਿੱਚ ਕਿਹਾ ਗਿਆ ਸੀ ਕਿ ਜਿੱਥੇ ਪੀਜ਼ਾ 30 ਮਿੰਟਾਂ ਵਿੱਚ ਅਤੇ ਬਲਿੰਕਿਟ (Blinkit) ਦਾ ਆਰਡਰ 10 ਮਿੰਟਾਂ ਵਿੱਚ ਡਿਲੀਵਰ ਹੋ ਜਾਂਦਾ ਹੈ, ਉੱਥੇ 'ਚਿੱਟਾ' ਦੋ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਉਪਲਬਧ ਹੋ ਜਾਂਦਾ ਹੈ।
ਬਠਿੰਡਾ ਦੇ ਐੱਸ ਪੀ (ਡੀ) ਮਨੋਜ ਗੋਰਸੀ ਨੇ ਅੱਜ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਿੰਦਰ ਸਿੰਘ ਅਤੇ ਮਨਜਿੰਦਰ ਕੌਰ ਵਜੋਂ ਹੋਈ ਹੈ। ਇਸ ਤੋਂ ਪਹਿਲਾਂ, ਅਰੁਣਪ੍ਰੀਤ ਸਿੰਘ ਗੱਗੂ ਨੂੰ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਸ ਪੀ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਸੰਗਤ ਪੁਲੀਸ ਸਟੇਸ਼ਨ ਵਿੱਚ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਵਿੱਚ ਤੁਰੰਤ ਜਾਂਚ ਦੀ ਮੰਗ ਕੀਤੀ ਸੀ ਅਤੇ ਵੀਡੀਓ ਤੇ ਇਸ ਦੇ ਦੋਸ਼ਾਂ ਦੀ ਵਰਤੋਂ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ 'ਆਪ' ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਸੀ।

