ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 12 ਜੂਨ
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐੱਸਐੱਸਓਸੀ) ਮੁਹਾਲੀ ਨੇ ਨਾਰਕੋ-ਅਤਿਵਾਦ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਪਾਕਿਸਤਾਨ ਆਧਾਰਿਤ ਤਸਕਰਾਂ ਨਾਲ ਸਬੰਧਤ ਦੋ ਮੁੱਖ ਸੰਚਾਲਕਾਂ ਨੂੰ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਆਧੁਨਿਕ ਪਿਸਤੌਲ, ਤਿੰਨ ਮੈਗਜ਼ੀਨ ਅਤੇ 207 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇੱਥੇ ਸਟੇਟ ਅਪਰੇਸ਼ਨ ਸੈੱਲ ਦੀ ਏਆਈਜੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪਾਰਸਪ੍ਰੀਤ ਉਰਫ਼ ਪਾਰਸ ਅਤੇ ਗੁਰਵਿੰਦਰ ਵਜੋਂ ਹੋਈ ਹੈ। ਦੋਵੇਂ ਪਿੰਡ ਰਾਜੋਕੇ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਹਨ। ਉਨ੍ਹਾਂ ਖ਼ਿਲਾਫ਼ ਮੁਹਾਲੀ ਸਥਿਤ ਐੱਸਐੱਸਓਸੀ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਏਆਈਜੀ ਗਰੇਵਾਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਪੰਜ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਅਧਿਕਾਰੀ ਅਨੁਸਾਰ ਮੁਲਜ਼ਮ ਪਾਰਸਪ੍ਰੀਤ ਸਿੰਘ ਦੇ ਅਤਿ-ਆਧੁਨਿਕ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਬਾਰੇ ਸੂਚਨਾ ਮਿਲੀ ਸੀ ਕਿ ਉਹ ਅਪਰਾਧਿਕ ਪਿਛੋਕੜ ਵਾਲੇ ਆਪਣੇ ਸਾਥੀ ਗੁਰਵਿੰਦਰ ਸਿੰਘ ਨਾਲ ਜ਼ੀਰਕਪੁਰ ਵਿੱਚ ਰਹਿ ਰਿਹਾ ਹੈ। ਡੀਐੱਸਪੀ ਗੁਰਚਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਨੂੰ ਜ਼ੀਰਕਪੁਰ-ਪਟਿਆਲਾ ਮੁੱਖ ਸੜਕ ’ਤੇ ਗ੍ਰਿਫ਼ਤਾਰ ਕੀਤਾ। ਇਸ ਮਗਰੋਂ ਪੁਲੀਸ ਵੱਲੋਂ ਬਾਦਲ ਕਲੋਨੀ ਜ਼ੀਰਕਪੁਰ ’ਚ ਕਿਰਾਏ ਦੇ ਮਕਾਨ ਦੀ ਤਲਾਸ਼ੀ ਲਈ ਗਈ ਤਾਂ ਇੱਕ ਆਧੁਨਿਕ 9 ਐੱਮਐੱਮ ਪਿਸਤੌਲ, 3 ਮੈਗਜ਼ੀਨ ਅਤੇ 207 ਗਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਨਸ਼ੀਲੇ ਪਦਾਰਥ ਅਤੇ ਹਥਿਆਰ ਪਾਕਿਸਤਾਨ ਆਧਾਰਿਤ ਹਥਿਆਰ ਤੇ ਨਸ਼ਾ ਤਸਕਰਾਂ ਵੱਲੋਂ ਸਪਲਾਈ ਕੀਤੇ ਜਾਂਦੇ ਸਨ। ਪਾਰਸਪ੍ਰੀਤ ਪਹਿਲਾਂ ਹੀ ਤਰਨਤਾਰਨ ਪੁਲੀਸ ਨੂੰ ਲੋੜੀਂਦਾ ਹੈ।
ਪੁਲੀਸ ਨੇ ਉਸ ਦੇ ਨਜ਼ਦੀਕੀ ਸਾਥੀਆਂ ਸੂਰਜਪਾਲ ਅਤੇ ਅਰਸ਼ਦੀਪ ਨੂੰ ਹਾਲ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਤੋਂ ਪੰਜਾਬ ਪੁਲੀਸ ਨੇ ਛੇ ਆਧੁਨਿਕ ਹਥਿਆਰ ਬਰਾਮਦ ਕੀਤੇ ਸਨ। ਏਆਈਜੀ ਗਰੇਵਾਲ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਪਾਰਸਪ੍ਰੀਤ ਅਤੇ ਗੁਰਵਿੰਦਰ ਜ਼ੀਰਕਪੁਰ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਹੇ ਸਨ।