ਬਠਿੰਡਾ ’ਚ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਜਨਤਕ ਸੁਣਵਾਈ ਤੋਂ ਬਾਅਦ ਦੋ FIRs ਦਰਜ
ਐੱਸ.ਪੀ. ਸਿਟੀ ਮੁਤਾਬਕ ਸੁਣਵਾਈ ਦੌਰਾਨ ਆਈਆਂ 21 ਸ਼ਿਕਾਇਤਾਂ ’ਚੋਂ 2 ਮਾਮਲੇ ਸੰਗੀਨ ਪਾਏ ਗਏ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਕੌਮੀ ਮਹਿਲਾ ਕਮਿਸ਼ਨ (NCW) ਦੀ ਚੇਅਰਪਰਸਨ ਵਿਜਿਆ ਰਾਹਤਕਰ ਵੱਲੋਂ ਬਠਿੰਡਾ ਵਿਖੇ ਕੀਤੀ ਗਈ ਜਨਤਕ ਸੁਣਵਾਈ ਤੋਂ ਅਗਲੇ ਹੀ ਦਿਨ ਜ਼ਿਲ੍ਹਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲੀਸ ਨੇ ਸੁਣਵਾਈ ਦੌਰਾਨ ਸਾਹਮਣੇ ਆਈਆਂ ਸ਼ਿਕਾਇਤਾਂ ਵਿੱਚੋਂ ਸੰਗੀਨ ਅਪਰਾਧਾਂ (Cognisable Offences) ਨਾਲ ਸਬੰਧਤ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰਦਿਆਂ ਅੱਜ ਦੋ ਵੱਖ-ਵੱਖ ਐੱਫ.ਆਈ.ਆਰ. (FIRs) ਦਰਜ ਕੀਤੀਆਂ ਹਨ।
ਬਠਿੰਡਾ ਦੇ ਐੱਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਅੱਜ ਇਸ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਨੂੰ ਹੋਈ ਜਨਤਕ ਸੁਣਵਾਈ ਦੌਰਾਨ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਾਹਮਣੇ ਕੁੱਲ 21 ਸ਼ਿਕਾਇਤਾਂ ਪੇਸ਼ ਹੋਈਆਂ ਸਨ। ਇਨ੍ਹਾਂ ਵਿੱਚੋਂ 8 ਸ਼ਿਕਾਇਤਾਂ ਪੁਰਾਣੀਆਂ ਸਨ, ਜਦੋਂਕਿ 13 ਬਿਲਕੁਲ ਨਵੀਆਂ ਸ਼ਿਕਾਇਤਾਂ ਸਨ, ਜੋ ਪੀੜਤ ਔਰਤਾਂ ਵੱਲੋਂ ਕਮਿਸ਼ਨ ਦੇ ਸਾਹਮਣੇ ਰੱਖੀਆਂ ਗਈਆਂ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਬਠਿੰਡਾ ਦੇ ਸੀਨੀਅਰ ਕਪਤਾਨ ਪੁਲੀਸ (SSP) ਜੋਤੀ ਯਾਦਵ ਵੱਲੋਂ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਦੋ ਸ਼ਿਕਾਇਤਾਂ ਵਿੱਚ ਸੰਗੀਨ ਜੁਰਮ ਹੋਣ ਦੀ ਪੁਸ਼ਟੀ ਹੋਈ, ਜਿਸ ਦੇ ਆਧਾਰ ’ਤੇ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਤਹਿਤ ਇੱਕ ਐੱਫ.ਆਈ.ਆਰ. ਥਾਣਾ ਕੈਨਾਲ ਕਾਲੋਨੀ ਅਤੇ ਦੂਜੀ ਐੱਫ.ਆਈ.ਆਰ. ਥਾਣਾ ਨੇਹੀਆਂਵਾਲਾ ਵਿਖੇ ਦਰਜ ਕੀਤੀ ਗਈ ਹੈ।
ਐੱਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਬਾਕੀ ਬਚੀਆਂ ਸ਼ਿਕਾਇਤਾਂ ਨੂੰ ਅਗਲੇਰੀ ਕਾਰਵਾਈ ਅਤੇ ਕੌਂਸਲਿੰਗ ਲਈ ਪੰਜਾਬ ਪੁਲੀਸ ਦੀਆਂ ‘ਮਹਿਲਾ ਮਿੱਤਰ’ ਟੀਮਾਂ ਅਤੇ ਮਹਿਲਾ ਪੁਲੀਸ ਥਾਣੇ ਦੇ ਐੱਸ.ਐੱਚ.ਓ. (SHO) ਕੋਲ ਭੇਜ ਦਿੱਤਾ ਗਿਆ ਹੈ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਦਰਜ ਕੀਤੀਆਂ ਗਈਆਂ ਦੋਵਾਂ ਐੱਫ.ਆਈ.ਆਰਜ਼ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

