ਸੜਕ ਹਾਦਸੇ ’ਚ ਦੋ ਮੌਤਾਂ; ਤਿੰਨ ਫੱਟੜ
ਇਥੇ ਨੈਸ਼ਨਲ ਹਾਈਵੇਅ ਅੰਮ੍ਰਿਤਸਰ-ਪਠਾਨਕੋਟ ਰੋਡ ਉਪਰ ਇਥੋਂ ਨਜ਼ਦੀਕ ਪਿੰਡ ਸੋਹਲ ਨੇੜੇ ਮਾਤਾ ਵੈਸ਼ਨੋ ਤੋਂ ਪਰਤ ਰਹੀ ਮਰੂਤੀ ਆਰਟਿਗਾ ਗਲਤ ਪਾਸੇ ਖੜ੍ਹੇ ਟਰੱਕ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਗਈ। ਇਸ ਕਾਰਨ ਕਾਰ ਸਵਾਰ ਚਾਲਕ ਸਮੇਤ ਪੰਜ ਜਣਿਆਂ ਵਿੱਚੋਂ ਦੋ ਵਿਅਕਤੀਆਂ ਦੀ...
ਇਥੇ ਨੈਸ਼ਨਲ ਹਾਈਵੇਅ ਅੰਮ੍ਰਿਤਸਰ-ਪਠਾਨਕੋਟ ਰੋਡ ਉਪਰ ਇਥੋਂ ਨਜ਼ਦੀਕ ਪਿੰਡ ਸੋਹਲ ਨੇੜੇ ਮਾਤਾ ਵੈਸ਼ਨੋ ਤੋਂ ਪਰਤ ਰਹੀ ਮਰੂਤੀ ਆਰਟਿਗਾ ਗਲਤ ਪਾਸੇ ਖੜ੍ਹੇ ਟਰੱਕ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਗਈ। ਇਸ ਕਾਰਨ ਕਾਰ ਸਵਾਰ ਚਾਲਕ ਸਮੇਤ ਪੰਜ ਜਣਿਆਂ ਵਿੱਚੋਂ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦ ਕਿ ਬਾਕੀ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਗੇਂਦਾ ਲਾਲ (55) ਅਤੇ ਮੇਹਰਵਾਨ ਸਿੰਘ (58) ਵਾਸੀ ਖਜੂਰੀਆ ਥਾਣਾ ਇਛਾਵਰ ਜ਼ਿਲ੍ਹਾ ਸਿਹੋਰ (ਮੱਧ ਪ੍ਰਦੇਸ਼) ਵਜੋਂ ਹੋਈ। ਥਾਣਾ ਧਾਰੀਵਾਲ ਦੇ ਐੱਸ ਐੱਚ ਓ ਇੰਸਪੈਕਟਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਜ਼ਖਮੀ ਦੌਲਤ ਰਾਮ ਜ਼ਿਲ੍ਹਾ ਸਿਹੋਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਨਰਵਤ ਸਿੰਘ, ਗੇਂਦਾ ਲਾਲ, ਮੇਹਰਵਾਨ ਸਿੰਘ, ਰਾਮ ਸਿੰਘ ਵਾਸੀ ਖਜੂਰੀਆ ਕਾਰ ਨੰਬਰ ਐੱਮ ਪੀ-04-ਸੀ ਜੇ -8642 ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਸੁਵੱਖਤੇ ਘਰ ਨੂੰ ਪਰਤ ਰਹੇ ਸੀ, ਕਾਰ ਨੂੰ ਨਰਵਤ ਸਿੰਘ ਚਲਾ ਰਿਹਾ ਸੀ, ਜਦੋਂ ਉਹ ਤੜਕੇ 4 ਵਜੇ ਪਿੰਡ ਸੋਹਲ ਪੁਲ ਹਾਈਵੇਅ ਤੋਂ ਥੋੜ੍ਹਾ ਪਿੱਛੇ ਪੁੱਜੇ ਤਾਂ ਟਰੱਕ ਹਾਈਵੇਅ ’ਤੇ ਗਲਤ ਪਾਸੇ ਖੜਾ ਸੀ, ਜਿਸ ਕਾਰਨ ਕਾਰ ਉਸ ਦੇ ਪਿੱਛੇ ਟਕਰਾਅ ਗਈ। ਹਾਦਸੇ ਦੌਰਾਨ ਗੇਂਦਾ ਲਾਲ ਅਤੇ ਮੇਹਰਵਾਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਦੌਲਤ ਰਾਮ, ਨਰਵਤ ਸਿੰਘ, ਰਾਮ ਸਿੰਘ ਦੇ ਸੱਟਾਂ ਲੱਗੀਆਂ ਅਤੇ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਹਾਦਸੇ ਮਗਰੋਂ ਅਣਪਛਾਤਾ ਟਰੱਕ ਡਰਾਈਵਰ ਮੌਕੇ ਤੋਂ ਟਰੱਕ ਸਮੇਤ ਭੱਜ ਗਿਆ। ਜਾਂਚ ਅਧਿਕਾਰੀ ਥਾਣਾ ਧਾਰੀਵਾਲ ਦੇ ਸਬ ਇੰਸਪੈਕਟਰ ਰਛਪਾਲ ਸਿੰਘ ਨੇ ਟਰੱਕ ਡਰਾਈਵਰ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ।

