ਲੁਧਿਆਣਾ ਵਿਚ ਦੋ ਰੋਜ਼ਾ ਗੁਲਦਾਊਦੀ ਸ਼ੋਅ ਅੱਜ ਤੋਂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਨੇ ਅਸਟੇਟ ਆਰਗਨਾਈਜੇਸ਼ਨ ਦੇ ਸਹਿਯੋਗ ਨਾਲ 2 ਅਤੇ 3 ਦਸੰਬਰ ਨੂੰ ਲਾਏ ਜਾ ਰਹੇ ਗੁਲਦਾਊਦੀ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਸ਼ੋਅ ਲਈ ਫੁੱਲਾਂ ਦੇ 2000 ਤੋਂ ਵੱਧ ਗਮਲੇ ਫੁੱਲ...
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਨੇ ਅਸਟੇਟ ਆਰਗਨਾਈਜੇਸ਼ਨ ਦੇ ਸਹਿਯੋਗ ਨਾਲ 2 ਅਤੇ 3 ਦਸੰਬਰ ਨੂੰ ਲਾਏ ਜਾ ਰਹੇ ਗੁਲਦਾਊਦੀ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਸ਼ੋਅ ਲਈ ਫੁੱਲਾਂ ਦੇ 2000 ਤੋਂ ਵੱਧ ਗਮਲੇ ਫੁੱਲ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹੋਣਗੇ।
ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸ਼ੋਅ ਦਾ ਉਦਘਾਟਨ ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਦੁਪਹਿਰ 12.30 ਵਜੇ ਕੀਤਾ ਜਾਵੇਗਾ। ਉਨ੍ਹਾਂ ਤੋਂ ਇਲਾਵਾ ਏ ਪੀ ਐੱਸ ਗਿੱਲ ਅਤੇ ਡਾ. ਜੇ ਐੱਸ ਬਰਾੜ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ। ਭਾਈ ਵੀਰ ਸਿੰਘ ਸਮਰਪਿਤ ਇਹ ਗੁਲਦਾਊਦੀ ਸ਼ੋਅ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ 2 ਅਤੇ 3 ਦਸੰਬਰ ਨੂੰ ਲਾਇਆ ਜਾ ਰਿਹਾ ਹੈ। ਇਸ ਸ਼ੋਅ ਵਿੱਚ 65-70 ਕਿਸਮਾਂ ਦੇ ਗੁਲਦਾਊਦੀ ਦੇ ਫੁੱਲ ਕੁਦਰਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣਨਗੇ।
ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸ਼ੋਅ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸ਼ੋਅ ਵਿੱਚ ’ਵਰਸਿਟੀ ਵੱਲੋਂ ਵਿਕਸਤ ਕਿਸਮਾਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਨਰਸਰੀ ਵਾਲੇ ਵੀ ਸ਼ਿਰਕਤ ਕਰਨਗੇ। ਸ਼ੋਅ ਦੇ ਆਖ਼ਰੀ ਦਿਨ ਫੁੱਲ ਪ੍ਰੇਮੀ ਫੁੱਲਾਂ ਦੇ ਗਮਲੇ ਖਰੀਦ ਵੀ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਤੀ ਗਮਲੇ ਦੀ ਕੀਮਤ 150 ਰੁਪਏ ਰੱਖੀ ਗਈ ਹੈ।
ਦੱਸਣਯੋਗ ਹੈ ਕਿ ’ਵਰਸਿਟੀ ਵੱਲੋਂ ਹਰ ਸਾਲ ਲਾਏ ਜਾਂਦੇ ਇਸ ਗੁਲਦਾਊਦੀ ਸ਼ੋਅ ਪ੍ਰਤੀ ਲੁਧਿਆਣਾ ਦੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਕੁਦਰਤ ਨਾਲ ਪ੍ਰੇਮ ਕਰਨ ਵਾਲਿਆਂ ਲਈ ਇਹ ਸ਼ੋਅ ਕੁਦਰਤ ਦੇ ਰੰਗ ਦੇਖਣ ਦਾ ਵਧੀਆ ਸਬੱਬ ਹੋਵੇਗਾ।

