ਰਾਹ ਨਾ ਦੇਣ ’ਤੇ ਗੋਲੀਆਂ ਮਾਰ ਕੇ ਦੋ ਭਰਾਵਾਂ ਦੀ ਹੱਤਿਆ
ਝਬਾਲ ’ਚ ਇੱਕ ਗੱਡੀ ਵੱਲੋਂ ਟਰੈਕਟਰ ਨੂੰ ਰਸਤਾ ਨਾ ਦੇਣ ’ਤੇ ਟਰੈਕਟਰ ਚਾਲਕ ਨੇ ਗੋਲੀਆਂ ਮਾਰ ਕੇ ਦੋ ਭਰਾਵਾਂ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ (60) ਅਤੇ ਉਸ ਦੇ ਛੋਟੇ ਭਰਾ ਕੁਲਵਿੰਦਰ ਸਿੰਘ (55) ਵਾਸੀ ਅੱਡਾ ਝਬਾਲ...
ਝਬਾਲ ’ਚ ਇੱਕ ਗੱਡੀ ਵੱਲੋਂ ਟਰੈਕਟਰ ਨੂੰ ਰਸਤਾ ਨਾ ਦੇਣ ’ਤੇ ਟਰੈਕਟਰ ਚਾਲਕ ਨੇ ਗੋਲੀਆਂ ਮਾਰ ਕੇ ਦੋ ਭਰਾਵਾਂ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ (60) ਅਤੇ ਉਸ ਦੇ ਛੋਟੇ ਭਰਾ ਕੁਲਵਿੰਦਰ ਸਿੰਘ (55) ਵਾਸੀ ਅੱਡਾ ਝਬਾਲ ’ਤੇ ਤੌਰ ’ਤੇ ਹੋਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਟਰੈਕਟਰ ਚਾਲਕ ਕੀਰਤ ਨੂੰ ਗੱਡੀ ਵਾਲੇ ਸਨਮ ਨੇ ਰਸਤਾ ਦੇਣ ਵਿੱਚ ਥੋੜ੍ਹੀ ਅਣਗਹਿਲੀ ਵਰਤ ਲਈ। ਇਸ ਗੱਲੋਂ ਦੋਹਾਂ ਦਾ ਤਕਰਾਰ ਹੋ ਗਿਆ। ਇਸੇ ਦੌਰਾਨ ਦੋਹਾਂ ਨੂੰ ਛੁਡਵਾਉਣ ਲਈ ਸਨਮ ਦੇ ਪਿਤਾ ਗੁਰਵਿੰਦਰ ਸਿੰਘ ਅਤੇ ਉਸ ਦਾ ਚਾਚਾ ਕੁਲਵਿੰਦਰ ਸਿੰਘ ਮੌਕੇ ’ਤੇ ਆ ਗਏ ਤਾਂ ਕੀਰਤ ਨੇ ਆਪਣੇ ਪਿਸਤੌਲ ਨਾਲ ਦੋਹਾਂ ਭਰਾਵਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਦੋਹਾਂ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰੋਹ ਵਿੱਚ ਆਏ ਲੋਕਾਂ ਨੇ ਟਰੈਕਟਰ ਨੂੰ ਅੱਗ ਲਾ ਦਿੱਤੀ। ਟਰੈਕਟਰ ਦਾ ਚਾਲਕ ਕੀਰਤ ਮੌਕੇ ਤੋਂ ਫਰਾਰ ਹੋ ਗਿਆ ਦੱਸਣਯੋਗ ਹੈ ਕਿ ਇਸ ਤੋਂ ਕੁਝ ਚਿਰ ਪਹਿਲਾਂ ਵੀ ਸਨਮ ਅਤੇ ਕੀਰਤ ਦਾ ਤਕਰਾਰ ਹੋਇਆ ਸੀ।
ਲੋਕਾਂ ਨੇ ਦੋਹਾਂ ਧਿਰਾਂ ਦਾ ਆਪਸੀ ਸਮਝੌਤਾ ਕਰਵਾ ਦਿੱਤਾ ਸੀ। ਮੌਕੇ ’ਤੇ ਥਾਣਾ ਝਬਾਲ ਦੇ ਮੁਖੀ ਸਬ ਇੰਸਪੈਕਟਰ ਜੁਗਰਾਜ ਸਿੰਘ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਟਰੈਕਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

