ਦੋ ਸਕੇ ਭਰਾਵਾਂ ਵੱਲੋਂ ਪੁਲੀਸ ਤਸ਼ੱਦਦ ਦੇ ਇਲਜ਼ਾਮ: ਕੌਮੀ SC ਕਮਿਸ਼ਨ ਨੂੰ ਭੇਜੀ ਸ਼ਿਕਾਇਤ
ਚੌਂਕੀ ਇੰਚਾਰਜ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਗੱਲ ਆਖੀ
ਨਾਭਾ ਦੇ ਪਿੰਡ ਕਕਰਾਲਾ ਦੇ ਦੋ ਦਲਿਤ ਭਰਾਵਾਂ ਵੱਲੋਂ ਕੌਮੀ ਐੱਸ.ਸੀ. ਕਮਿਸ਼ਨ ਨੂੰ ਛੀਂਟਾਵਾਲਾ ਚੌਕੀ ਦੀ ਪੁਲੀਸ ਖ਼ਿਲਾਫ਼ ਤਸ਼ੱਦਦ ਦੀ ਸ਼ਿਕਾਇਤ ਭੇਜੀ ਗਈ ਹੈ। ਰਾਜਗੀਰੀ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਪੁਲੀਸ ਨੇ ਚੋਰੀ ਦੇ ਸ਼ੱਕ ਹੇਠ ਪੁੱਛਗਿੱਛ ਲਈ ਥਾਣੇ ਲਿਆਂਦਾ ਸੀ, ਜਿੱਥੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਕਰੰਟ ਤੱਕ ਲਗਾਇਆ ਗਿਆ।
ਪਿੰਡ ਦੇ ਹੀ ਬਘੇਲ ਸਿੰਘ ਵੱਲੋਂ 24 ਅਗਸਤ ਨੂੰ ਚੋਰੀ ਦੀ ਸ਼ਿਕਾਇਤ ਦਿੱਤੀ ਗਈ ਸੀ। ਉਸੇ ਦੇ ਘਰ ਕੰਮ ਕਰ ਰਹੇ ਸ਼ਿਕਾਇਤਕਰਤਾ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਮੁੱਢਲੇ ਸਬੂਤ ਦੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਨ੍ਹਾਂ ਕੋਲੋਂ ਜ਼ਬਰਦਸਤੀ ਅਪਰਾਧ ਕਬੂਲ ਕਰਵਾਉਣ ਲਈ ਤਸ਼ੱਦਦ ਕੀਤਾ ਗਿਆ। 1 ਸਤੰਬਰ ਨੂੰ ਲਿਖੀ ਅਰਜ਼ੀ ਵਿੱਚ ਉਨ੍ਹਾਂ ਨੇ ਕਮਿਸ਼ਨ ਤੋਂ ਮਾਮਲੇ ਦੀ ਉੱਚ ਪੱਧਰੀ ਪੜਤਾਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਘਰ ਅਤੇ ਥਾਣੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ, ਪੁਲੀਸ ਰੋਜ਼ਨਾਮਚੇ ਅਤੇ ਹਿਰਾਸਤੀ ਰਿਕਾਰਡ ਨੂੰ ਸੁਰੱਖਿਅਤ ਰੱਖਣ ਦੇ ਹੁਕਮ ਦੇਣ ਦੀ ਵੀ ਮੰਗ ਕੀਤੀ ਹੈ।
ਪੰਜਾਬ ਭਾਜਪਾ ਐੱਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੀੜਤਾਂ ਦੇ ਘਰ ਦਾ ਦੌਰਾ ਕਰਕੇ ਪਾਰਦਰਸ਼ੀ ਪੜਤਾਲ ਦੀ ਮੰਗ ਕਰਦਿਆਂ ਕਿਹਾ ਕਿ ਪੁਲੀਸ ਨੂੰ ਸਿਰਫ਼ ਕੁੱਟਮਾਰ ’ਤੇ ਟੇਕ ਰੱਖਣ ਦੀ ਬਜਾਏ ਕਾਨੂੰਨ ’ਤੇ ਆਧਾਰਿਤ ਵਿਗਿਆਨਕ ਢੰਗ ਨਾਲ ਪੜਤਾਲ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰੀਕੇ ਨਾਲ ਪੀੜਤਾਂ ਦੇ ਪੈਰ ਸੁੱਜੇ ਹੋਏ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਨੌਜਵਾਨਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਹੈ। ਨਾਲ ਹੀ ਉਨ੍ਹਾਂ ਦੀ ਛਾਤੀ ਅਤੇ ਕੰਨ ’ਤੇ ਕਰੰਟ ਲਗਾਏ ਜਾਣ ਦੇ ਦੋਸ਼ ਵੀ ਲਾਏ ਗਏ ਹਨ।
ਉੱਧਰ, ਛੀਂਟਾਵਾਲਾ ਚੌਕੀ ਦੇ ਇੰਚਾਰਜ ਚਮਕੌਰ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸ਼ਿਕਾਇਤ ਜਾਂਚ ਨੂੰ ਪ੍ਰਭਾਵਿਤ ਕਰਨ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਦੋਵਾਂ ਭਰਾਵਾਂ ਤੋਂ ਕੁਝ ਦਿਨ ਪਹਿਲਾਂ ਸਿਰਫ਼ ਪੁੱਛਗਿੱਛ ਕੀਤੀ ਗਈ ਸੀ। ਸੀ.ਸੀ.ਟੀ.ਵੀ. ਮੁਤਾਬਕ ਇੱਕ ਭਰਾ ਕੰਮ ਮਗਰੋਂ ਘਰ ਦਾ ਛੋਟਾ ਗੇਟ ਖੁੱਲ੍ਹਾ ਛੱਡ ਗਿਆ ਸੀ, ਜਿੱਥੋਂ ਚੋਰ ਰਾਤ ਨੂੰ ਅੰਦਰ ਦਾਖ਼ਲ ਹੋ ਕੇ ਸੋਨਾ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਪੜਤਾਲ ਮੁਕੰਮਲ ਹੋਣ ਅਤੇ ਠੋਸ ਸਬੂਤ ਮਿਲਣ ’ਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

