Bathinda ਦੀ ਜੇਲ੍ਹ ਵਿੱਚ ਨਜ਼ਰਬੰਦ ਗੈਂਗਸਟਰ ਦੇ ਦੋ ਸਾਥੀ ਹਥਿਆਰਾਂ ਸਣੇ ਕਾਬੂ
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੂੰ ਉਦੋਂ ਸਫ਼ਲਤਾ ਮਿਲੀ, ਜਦੋਂ ਫੋਰਸ ਦੀ ਇੱਕ ਟੀਮ ਨੇ ਜੇਲ੍ਹ ਵਿੱਚ ਕਥਿਤ ਤੌਰ ’ਤੇ ਬੰਦ ਇੱਕ ਗੈਂਗਸਟਰ ਨਾਲ ਸਬੰਧਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਦੇਸੀ .32 ਬੋਰ ਪਿਸਤੌਲ...
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੂੰ ਉਦੋਂ ਸਫ਼ਲਤਾ ਮਿਲੀ, ਜਦੋਂ ਫੋਰਸ ਦੀ ਇੱਕ ਟੀਮ ਨੇ ਜੇਲ੍ਹ ਵਿੱਚ ਕਥਿਤ ਤੌਰ ’ਤੇ ਬੰਦ ਇੱਕ ਗੈਂਗਸਟਰ ਨਾਲ ਸਬੰਧਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਦੇਸੀ .32 ਬੋਰ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਚੀਮਾ ਵਾਸੀ ਪਿੰਡ ਅਕਲੀਆ ਕਲਾਂ (ਬਠਿੰਡਾ) ਅਤੇ ਅਭਿਮਾਨ ਸਿੰਘ ਉਰਫ਼ ਅਭੀ ਵਾਸੀ ਭਾਗੂ ਵਾਲੀ ਢਾਣੀ, ਪਿੰਡ ਖੂੰਡੇਹਲਾਲ (ਸ੍ਰੀ ਮੁਕਤਸਰ ਸਾਹਿਬ) ਵਜੋਂ ਦੱਸੀ ਗਈ ਹੈ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ ਗੌਰਵ ਯਾਦਵ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਫਿਰੋਜ਼ਪੁਰ ਖੇਤਰ ਵਿੱਚ ਸਰਗਰਮ ਇੱਕ ਜੇਲ੍ਹ ਵਿੱਚ ਬੰਦ ਗੈਂਗਸਟਰ ਵੱਲੋਂ ਚਲਾਏ ਜਾ ਰਹੇ ਅਪਰਾਧਿਕ ਨੈੱਟਵਰਕ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਉਰਫ਼ ਚੀਮਾ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਨਾਲ ਸਬੰਧਿਤ ਕਈ ਕੇਸ ਦਰਜ ਹਨ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ ਪ੍ਰਮੋਦ ਬਾਨ ਮੁਤਾਬਿਕ ਏਜੀਟੀਐਫ ਬਠਿੰਡਾ ਦੀ ਟੀਮ ਰੁਟੀਨ ਗਸ਼ਤ ’ਤੇ ਸੀ, ਜਦੋਂ ਕੰਟੋਨਮੈਂਟ ਬਾਈਪਾਸ ਰਿੰਗ ਰੋਡ ਨੇੜੇ ਸਰਵਿਸ ਰੋਡ ਦੇ ਕਿਨਾਰੇ ਝਾੜੀਆਂ ਵਿੱਚ ਬੈਠੇ ਦੋ ਸ਼ੱਕੀ ਵਿਅਕਤੀ ਨਜ਼ਰ ਆਏ। ਪੁਲੀਸ ਨੂੰ ਦੇਖ ਕੇ ਦੋਵੇਂ ਘਬਰਾਏ ਅਤੇ ਲੁਕਣ ਦੀ ਕੋਸ਼ਿਸ਼ ਕਰਨ ਲੱਗੇ। ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਗ਼ੈਰ-ਕਾਨੂੰਨੀ ਹਥਿਆਰ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ।
ਇਸ ਸਬੰਧੀ ਥਾਣਾ ਸਿਵਲ ਲਾਈਨਜ਼ ਬਠਿੰਡਾ ਵਿੱਚ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
