ਸਰਹੱਦ ਪਾਰੋਂ ਅਸਲਾ ਤਸਕਰੀ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਅਸਲਾ ਤਸਕਰੀ ਮਾਮਲੇ ਵਿੱਚ ਦੋ ਜਣਿਆਂ ਨੂੰ ਸੱਤ ਪਿਸਤੌਲਾਂ ਸਣੇ ਕਾਬੂ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ (32) ਵਾਸੀ ਪਿੰਡ...
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਅਸਲਾ ਤਸਕਰੀ ਮਾਮਲੇ ਵਿੱਚ ਦੋ ਜਣਿਆਂ ਨੂੰ ਸੱਤ ਪਿਸਤੌਲਾਂ ਸਣੇ ਕਾਬੂ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ (32) ਵਾਸੀ ਪਿੰਡ ਭਿੰਡੀ ਨੈਣ (ਅੰਮ੍ਰਿਤਸਰ) ਅਤੇ ਜੁਗਰਾਜ ਸਿੰਘ ਉਰਫ਼ ਜੱਗਾ (29) ਵਾਸੀ ਪਿੰਡ ਮੁੱਲਾ ਬਹਿਰਾਮ (ਅੰਮ੍ਰਿਤਸਰ) ਵਜੋਂ ਹੋਈ ਹੈ।
ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਪਾਕਿਸਤਾਨ ਆਧਾਰਤ ਹੈਂਡਲਰ ਨਾਲ ਵਟਸਐਪ ਰਾਹੀਂ ਗੱਲਬਾਤ ਕਰਦੇ ਸਨ। ਉਹ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਲਈ ਸਥਾਨ ਅਤੇ ਡਿਲੀਵਰੀ ਰੂਟ ਨਿਰਧਾਰਤ ਕਰਦਾ ਸੀ। ਦੋਵੇਂ ਮੁਲਜ਼ਮ ਉਸ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਡੀ ਜੀ ਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਸਬੰਧੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਥਾਣਾ ਛਾਉਣੀ ਵਿੱਚ ਕੇਸ ਦਰਜ ਕੀਤਾ ਹੈ। ਇਸ ਆਪਰੇਸ਼ਨ ਬਾਰੇ ਪੁਲੀਸ ਕਮਿਸ਼ਨਰ (ਸੀ ਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਪੁਲੀਸ ਟੀਮ ਨੇ ਛਾਉਣੀ ਖੇਤਰ ਵਿੱਚ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਸ਼ੱਕੀ ਬਲਵਿੰਦਰ ਸਿੰਘ ਨੂੰ ਰੋਕਿਆ ਤੇ ਉਸ ਦੇ ਕਬਜ਼ੇ ਵਿੱਚੋਂ ਪੰਜ ਪਿਸਤੌਲ ਬਰਾਮਦ ਕੀਤੇ। ਬਲਵਿੰਦਰ ਦੇ ਖ਼ੁਲਾਸੇ ਦੇ ਆਧਾਰ ’ਤੇ ਪੁਲੀਸ ਨੇ ਛਾਪਾ ਮਾਰ ਕੇ ਉਸ ਦੇ ਸਾਥੀ ਜੁਗਰਾਜ ਸਿੰਘ ਨੂੰ ਪਿਸਤੌਲਾਂ ਸਣੇ ਗ੍ਰਿਫ਼ਤਾਰ ਕੀਤਾ। ਸ੍ਰੀ ਭੁੱਲਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਵੇਂ ਮੁਲਜ਼ਮ ਕੌਮਾਂਤਰੀ ਸਰਹੱਦ ਨੇੜੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਬਲਵਿੰਦਰ ਸਿੰਘ ਅਤੇ ਜੁਗਰਾਜ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਸਰਗਰਮ ਸਨ। ਉਹ ਤਸਕਰੀ ਕੀਤੇ ਹਥਿਆਰਾਂ ਦੀ ਸਪਲਾਈ ਅਤੇ ਵੰਡ ਵਿੱਚ ਸਹਾਇਤਾ ਕਰਦੇ ਸਨ। ਦੱਸਣਯੋਗ ਹੈ ਕਿ ਇਹ ਮੁਲਜ਼ਮ ਅਪਰਾਧਕ ਪਿਛੋਕੜ ਵਾਲੇ ਹਨ।

