ਕਰਮਜੀਤ ਸਿੰਘ ਚਿੱਲਾ
ਮੁਹਾਲੀ ਦੇ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਖੁਲਾਸਾ ਕੀਤਾ ਹੈ ਕਿ 28 ਜਨਵਰੀ ਨੂੰ ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਗੁਰਵਿੰਦਰ ਸਿੰਘ, ਵਾਸੀ ਪਿੰਡ ਰੁੜਕੀ ਪੁਖਤਾ, ਤਹਿਸੀਲ ਖਰੜ ਦੇ ਕਤਲ ਸਬੰਧੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਅਤੇ ਭੱਜਣ ਲਈ ਵਰਤੀ ਕਾਰ ਵੀ ਬਰਾਮਦ ਕਰ ਲਈ ਗਈ ਹੈ। ਮਾਮਲੇ ਸਬੰਧੀ ਮ੍ਰਿਤਕ ਦੀ ਪਤਨੀ ਅਮਰਦੀਪ ਕੌਰ ਦੇ ਬਿਆਨਾਂ ਉੱਤੇ ਪੁਲੀਸ ਨੇ ਗੈਂਗਸਟਰ ਗੋਲਡੀ ਬਰਾੜ ਅਤੇ ਹੋਰਨਾਂ ਉੱਤੇ ਪਰਚਾ ਦਰਜ ਕੀਤਾ ਹੈ।
ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋ ਅਣਪਛਾਤੇ ਮੁਲਜ਼ਮ ਕਾਲੇ ਬਜਾਜ ਪਲਸਰ ਮੋਟਰਸਾਈਕਲ ’ਤੇ ਸਵਾਰ ਸਨ। ਉਨ੍ਹਾਂ ਵਿੱਚੋਂ ਇੱਕ ਨੇ ਗੁਰਵਿੰਦਰ ਸਿੰਘ ਨੂੰ ਉਸ ਦੀ ਕਾਰ ਦੇ ਨੇੜੇ ਘੇਰ ਕੇ ਗੋਲੀਆਂ ਮਾਰੀਆਂ ਤੇ ਦੋਵੇਂ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਸੀ ਸੀ ਟੀ ਵੀ ਕੈਮਰਿਆਂ ਦੀ ਘੋਖ ਦੌਰਾਨ ਪਤਾ ਲੱਗਿਆ ਕਿ ਰਸਤੇ ਵਿੱਚ ਮੁਲਜ਼ਮਾਂ ਨੂੰ ਚਿੱਟੀ ਹੌਂਡਾ ਅਮੇਜ਼ ਕਾਰ ਮਿਲੀ, ਜਿੱਥੇ ਇੱਕ ਜਣਾ ਮੋਟਰਸਾਈਕਲ ਤੋਂ ਉਤਰ ਕੇ ਕਾਰ ਵਿੱਚ ਸਵਾਰ ਹੋ ਗਿਆ ਅਤੇ ਮੁਲਜ਼ਮਾਂ ਨੇ ਆਪਣੇ ਕੱਪੜੇ ਵੀ ਬਦਲੇ। ਅਗਲੀ ਜਾਂਚ ਦੌਰਾਨ ਦੋਵੇਂ ਵਾਹਨਾਂ ਦੀ ਪਛਾਣ ਕਰ ਲਈ ਗਈ।
ਇਹ ਜੁਰਮ ਵਿਦੇਸ਼ ਵਿੱਚ ਬੈਠੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਵੱਲੋਂ ਆਪਣੇ ਸਾਥੀਆਂ ਵਿੱਕੀ ਸਿੰਘ ਉਰਫ਼ ਵਿੱਕੀ ਸੱਟੇਵਾਲਾ ਤੇ ਰਵੀ ਕੁਮਾਰ ਉਰਫ਼ ਰਵੀ ਫਰੀਦਕੋਟੀਆ ਨਾਲ ਮਿਲ ਕੇ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਗਿਆ ਕਿਉਂਕਿ ਕਿ ਉਹ ਗੁਰਵਿੰਦਰ ਸਿੰਘ ਨੂੰ ਗੁਰਲਾਲ ਬਰਾੜ ਕਤਲ ਮਾਮਲੇ ਵਿਚ ਸ਼ਾਮਲ ਸਮਝਦੇ ਸਨ, ਜਿਸ ਦਾ ਬਦਲਾ ਲੈਣ ਲਈ ਉਨ੍ਹਾਂ ਕਤਲ ਕੀਤਾ। ਐੱਸ ਐੱਸ ਪੀ ਨੇ ਦੱਸਿਆ ਕਿ ਜਾਂਚ ਦੌਰਾਨ ਬਲਤੇਜ ਸਿੰਘ ਉਰਫ਼ ਬੰਟੀ, ਵਾਸੀ ਪਿੰਡ ਤੇਹਣਾ, ਜ਼ਿਲ੍ਹਾ ਫਰੀਦਕੋਟ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਦੋ ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਹੌਂਡਾ ਅਮੇਜ਼ ਕਾਰ ਦਾ ਡਰਾਈਵਰ ਹੈ, ਜਿਸ ਦੇ ਆਧਾਰ ’ਤੇ ਕਾਰ ਬਰਾਮਦ ਕਰ ਲਈ ਗਈ। ਮੰਗਤ ਸਿੰਘ ਉਰਫ਼ ਮੈਕਸ ਵਾਸੀ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਨੇ ਦੋਸ਼ੀਆਂ ਦੀ ਸਹਾਇਤਾ ਕੀਤੀ ਅਤੇ ਵਾਰਦਾਤ ਵਿੱਚ ਵਰਤੇ ਦੋਵੇਂ ਵਾਹਨ ਉਪਲਬਧ ਕਰਵਾਏ। ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਜਾਰੀ ਹੈ ਅਤੇ ਜਲਦੀ ਹੀ ਕਤਲ ਕਾਂਡ ਦੇ ਮੁੱਖ ਸ਼ੂਟਰ ਤੇ ਹੋਰ ਦੋਸ਼ੀ ਵੀ ਕਾਬੂ ਕਰ ਲਏ ਜਾਣਗੇ।

