ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਸਤੰਬਰ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਭਾਜਪਾ ਦੀ ਲੀਹ ’ਤੇ ਚੱਲਣ ਦਾ ਦੋਸ਼ ਲਾਇਆ। ਬਾਜਵਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਰੈਲੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਇੱਕ ਰਾਸ਼ਟਰ, ਇੱਕ ਸਿੱਖਿਆ’ ਦੀ ਤਜਵੀਜ਼ ਪੇਸ਼ ਕੀਤੀ ਹੈ, ਜੋ ਭਾਜਪਾ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੀ ਬਹੁ-ਸਭਿਆਚਾਰ, ਬਹੁ-ਧਰਮ ਅਤੇ ਬਹੁ-ਨਸਲੀ ਭਾਰਤ ’ਤੇ ਇੱਕ ਹੋਣ ਦਾ ਵਿਚਾਰ ਥੋਪ ਰਹੀ ਹੈ ਤੇ ਇਹ ਭਾਜਪਾ ਦਾ ਏਜੰਡਾ ਹੈ। ਭਗਵਾਂ ਪਾਰਟੀ ਇੱਕ ਰਾਸ਼ਟਰ ਇੱਕ ਮੰਡੀ, ਇੱਕ ਰਾਸ਼ਟਰ ਇੱਕ ਚੋਣ, ਯੂਨੀਵਰਸਲ ਸਵਿਲ ਕੋਡ ਆਦਿ ਸਮੇਤ ਤਰਕਹੀਣ ਵਿਚਾਰਾਂ ਦਾ ਪ੍ਰਚਾਰ ਕਰਨ ’ਤੇ ਤੁਲੀ ਹੋਈ ਹੈ।
ਬਾਜਵਾ ਨੇ ਕਿਹਾ ਕਿ ਸਿੱਖਿਆ ਸੂਬੇ ਦਾ ਵਿਸ਼ਾ ਹੈ। ਵੱਖ-ਵੱਖ ਸੂਬਿਆਂ ਦੇ ਬੱਚਿਆਂ ਦੀਆਂ ਵੱਖ-ਵੱਖ ਲੋੜਾਂ ਹਨ ਅਤੇ ਇੱਕ ਸਿੱਖਿਆ ਪ੍ਰਣਾਲੀ ਸਾਰਿਆਂ ’ਤੇ ਥੋਪੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਲਿਆਂਦੇ ਗਏ ਸੁਧਾਰਾਂ ਦਾ ਸਿਹਰਾ ਲੈ ਰਹੀ ਹੈ। ਅਖੌਤੀ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਨੇ ਕੀਤਾ ਸੀ ਜਦਕਿ ਇਹ ਪਹਿਲਾਂ ਹੀ ਸਮਾਰਟ ਸਕੂਲ ਸੀ ਤੇ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ। ‘ਆਪ’ ਸਰਕਾਰ ਨੇ ਇਸ ਦੀ ਇਮਾਰਤ ਦੀ ਦਿਖ ਬਦਲ ਕੇ ਇਸ ਦਾ ਨਾਂ ਸਕੂਲ ਆਫ਼ ਐਮੀਨੈਂਸ ਰੱਖਿਆ ਹੈ।