ਇੱਥੇ ਸ਼ਹਿਰ ਵਿੱਚੋਂ ਲੰਘਦੇ ਦਿੱਲੀ-ਲੁਧਿਆਣਾ ਸਟੇਟ ਹਾਈਵੇਅ ਦੇ ਧੂਰੀ ਰੋਡ ਓਵਰਬ੍ਰਿਜ ’ਤੇ ਟਰਾਲੇ ਦੀ ਲਪੇਟ ਵਿਚ ਆਉਣ ਕਾਰਨ ਸਕੂਟੀ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਥਾਣਾ ਸਿਟੀ-1 ਦੇ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਉਰਫ਼ ਸਨੀ ਕੁਮਾਰ ਵਾਸੀ ਗੁਰਦਾਸਪੁਰਾ ਸੰਗਰੂਰ ਅਤੇ ਸੰਦੀਪ ਕੁਮਾਰ ਵਾਸੀ ਪਿੰਡ ਛੀਟਾਂਵਾਲਾ ਬਾਅਦ ਦੁਪਹਿਰ ਸਕੂਟੀ ’ਤੇ ਸ਼ਹਿਰ ਦੇ ਬਾਜ਼ਾਰ ਵਿੱਚੋਂ ਵਾਪਸ ਗੁਰਦਾਸਪੁਰਾ ਵੱਲ ਜਾ ਰਹੇ ਸੀ। ਜਿਉਂ ਹੀ ਉਹ ਦਿੱਲੀ-ਲੁਧਿਆਣਾ ਸਟੇਟ ਹਾਈਵੇਅ ਦੇ ਓਵਰਬ੍ਰਿਜ ’ਤੇ ਪੁੱਜੇ ਤਾਂ ਪਿੱਛੇ ਆ ਰਹੇ ਟਰਾਲੇ ਨੇ ਸਕੂਟੀ ਸਵਾਰਾਂ ਨੂੰ ਲਪੇਟ ਵਿੱਚ ਲੈ ਲਿਆ ਅਤੇ ਟਰਾਲਾ ਦੋਵਾਂ ਨੂੰ ਦੂਰ ਤੱਕ ਘਸੀਟ ਕੇ ਲੈ ਗਿਆ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੁਨੀਲ ਕੁਮਾਰ ਲੇਬਰ ਦਾ ਕੰਮ ਕਰਦਾ ਸੀ। ਉਸ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਹਨ। ਪੁਲੀਸ ਨੇ ਟਰਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਲਾਸ਼ਾਂ ਪੋਸਟਮਾਰਾਟਮ ਲਈ ਭੇਜ ਦਿੱਤੀਆਂ ਹਨ।