ਚਿੱਤਰਕਾਰ ਤੇ ਕਵੀ ਦੇਵ ਨੂੰ ਸ਼ਰਧਾਜਲੀਆਂ
ਪੰਜਾਬ ਕਲਾ ਪਰਿਸ਼ਦ ਵੱਲੋਂ ਇਥੇ ਕਲਾ ਭਵਨ ਸੈਕਟਰ 16 ’ਚ ਉੱਘੇ ਚਿੱਤਰਕਾਰ ਤੇ ਕਵੀ ‘ਦੇਵ’ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪੰਜਾਬ ਕਲਾ ਪਰਿਸ਼ਦ ਦੇ ਵਾਈਸ ਚੇਅਰਮੈਨ ਤੇ ਆਲੋਚਕ ਡਾ. ਯੋਗਰਾਜ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਵੱਡਾ ਘਾਟਾ ਹੈ। ਇਸ ਉਪਰੰਤ ਦੇਵ ਨਾਲ ਡਾ. ਰਘਬੀਰ ਸਿੰਘ ਸਿਰਜਣਾ ਦੀ ਰਿਕਾਰਡ ਕੀਤੀ ਮੁਲਾਕਾਤ ਦਿਖਾਈ ਗਈ, ਜਿਸ ਵਿਚ ਉਨ੍ਹਾਂ ਨੇ ਆਪਣੀ ਕਲਾ ਬਾਰੇ ਦੱਸਿਆ। ਉੱਘੇ ਆਲੋਚਕ ਅਮਰਜੀਤ ਸਿੰਘ ਗਰੇਵਾਲ, ਪ੍ਰੋ. ਭੁਪਿੰਦਰ ਬਰਾੜ, ਦਵਿੰਦਰ ਦੀਦਾਰ, ਚਿੱਤਰਕਾਰ ਉਮਰਾਓ ਸਿੰਘ, ਮਹਿੰਦਰ ਤੁਲੀ, ਲੇਖਕ ਤੇ ਅਨੁਵਾਦਕ ਜੰਗ ਬਹਾਦੁਰ ਗੋਇਲ, ਕਵੀ ਸੁਰਿੰਦਰ ਗਿੱਲ, ਉੱਘੇ ਚਿੰਤਕ ਡਾ. ਤੇਜਵੰਤ ਗਿੱਲ ਨੇ ਆਪਣੀ ਵੇਦਨਾ ਪ੍ਰਗਟ ਕੀਤੀ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਉੱਘੇ ਚਿਤਰਕਾਰ ਤੇ ਕਵੀ ਸਵਰਨਜੀਤ ਸਵੀ ਨੇ ਕਿਹਾ ਕਿ ਦੇਵ ਦੇ ਜਾਣ ਨਾਲ ਸਿਰਜਣਾ ਦੇ ਯੁੱਗ ਦਾ ਅੰਤ ਹੋ ਗਿਆ ਹੈ। ਸਮਾਗਮ ਵਿੱਚ ਪਾਲ ਅਜਨਬੀ, ਜਗਦੀਪ ਸਿੱਧੂ, ਅਵਤਾਰ ਸਿੰਘ ਪਤੰਗ, ਪ੍ਰੀਤਮ ਰੁਪਾਲ, ਅਵਤਾਰਜੀਤ, ਬਲਜੀਤ ਕੌਰ, ਚਰਨਜੀਤ ਬਾਠ, ਗੁਰਦੀਪ ਧੀਮਾਨ ਤੇ ਅਨੀਤਾ ਸ਼ਬਦੀਸ਼ ਨੇ ਸ਼ਮੂਲੀਅਤ ਕੀਤੀ।
