Tribute: ਮਹਿੰਦਰ ਸਿੰਘ ਦੁਸਾਂਝ ਨੂੰ ਸ਼ਰਧਾਂਜਲੀਆਂ ਭੇਟ
ਨਾਮਵਰ ਸਾਹਿਤਕ ਸ਼ਖ਼ਸੀਅਤ, ਖੇਤੀ ਖੋਜ ਵਿੱਚ ਕੌਮਾਂਤਰੀ ਨਾਮਣਾ ਖੱਟਣ ਵਾਲੇ ਅਤੇ ਲਿਖਾਰੀ ਸਭਾ ਜਗਤਪੁਰ ਦੇ ਬਾਨੀ ਮਹਿੰਦਰ ਸਿੰਘ ਦੁਸਾਂਝ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਜਗਤਪੁਰ ਦੇ ਗੁਰਦੁਆਰੇ ਵਿੱਚ ਕਰਵਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਮਗਰੋਂ...
ਨਾਮਵਰ ਸਾਹਿਤਕ ਸ਼ਖ਼ਸੀਅਤ, ਖੇਤੀ ਖੋਜ ਵਿੱਚ ਕੌਮਾਂਤਰੀ ਨਾਮਣਾ ਖੱਟਣ ਵਾਲੇ ਅਤੇ ਲਿਖਾਰੀ ਸਭਾ ਜਗਤਪੁਰ ਦੇ ਬਾਨੀ ਮਹਿੰਦਰ ਸਿੰਘ ਦੁਸਾਂਝ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਜਗਤਪੁਰ ਦੇ ਗੁਰਦੁਆਰੇ ਵਿੱਚ ਕਰਵਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਮਗਰੋਂ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮਹਿੰਦਰ ਸਿੰਘ ਦੁਸਾਂਝ ਨੂੰ ਰਸਮੀ ਤੌਰ ’ਤੇ ਸਕੂਲ ਜਾਂ ਕਾਲਜ ਜਾਣ ਦਾ ਮੌਕਾ ਨਹੀਂ ਮਿਲਿਆ, ਪਰ ਉਨ੍ਹਾਂ ਆਪਣੀ ਲਿਆਕਤ ਅਤੇ ਮਿਹਨਤ ਸਦਕਾ ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਨੂੰ ਲੈਕਚਰ ਦੇ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਉਨ੍ਹਾਂ ਨੂੰ ‘ਫਾਰਮਰ ਪ੍ਰੋਫੈਸਰ’ ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ ਸੀ।
ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਡਿਪਟੀ ਡਾਇਰੈਕਟਰ ਡਾ. ਮਨਮੋਹਨਜੀਤ ਸਿੰਘ, ਬੂਟਾ ਸਿੰਘ ਮਹਿਮੂਦਪੁਰ, ਗੁਰਦੀਪ ਸਿੰਘ ਸੈਣੀ ਅਤੇ ਗੁਰਮੀਤ ਪਲਾਹੀ ਨੇ ਕਿਹਾ ਕਿ ਮਹਿੰਦਰ ਸਿੰਘ ਦਾ ਜੀਵਨ ਉਸਾਰੂ ਸਾਹਿਤ ਦੀ ਸਿਰਜਣਾ ਅਤੇ ਖੇਤੀ ਖੋਜ ਨੂੰ ਸਮਰਪਿਤ ਰਿਹਾ ਅਤੇ ਉਹ ਲੋਕ ਨਾਇਕ ਬਣ ਕੇ ਹਮੇਸ਼ਾਂ ਲੋਕਾਂ ਦੇ ਦਿਲਾਂ ਵਿੱਚ ਵਸੇ ਰਹਿਣਗੇ। ਸਮਾਗਮ ਵਿੱਚ ਡਾ. ਓਮ ਪ੍ਰਕਾਸ਼ ਸ਼ਰਮਾ ਹਿਮਾਚਲ, ਪ੍ਰਿੰਸੀਪਲ ਮਨਜੀਤ ਸਿੰਘ, ਦੀਦਾਰ ਸਿੰਘ ਸ਼ੇਤਰਾ, ਬਲਦੇਵ ਸਿੰਘ ਢੀਂਡਸਾ, ਰਾਮ ਕਿਸ਼ਨ ਪਲੀ ਝਿੱਕੀ, ਗੁਰਮੀਤ ਸਿੰਘ ਰੱਤੂ, ਗੁਰਦੀਪ ਸਿੰਘ ਮੁਕੱਦਮ, ਦੀਪ ਕਲੇਰ ਅਤੇ ਰਵਿੰਦਰ ਚੋਟ ਸਮੇਤ ਹੋਰ ਹਾਜ਼ਰ ਸਨ। ਅੰਤ ਵਿੱਚ ਉਨ੍ਹਾਂ ਦੇ ਪੁੱਤਰ ਮਨਜੀਤ ਸਿੰਘ ਦੁਸਾਂਝ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

