ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਅਕਤੂਬਰ
ਸੱਠ ਸਾਲ ਪਹਿਲਾਂ ਚੀਨ ਦੀ ਸਰਹੱਦ ’ਤੇ ਸ਼ਹੀਦ ਹੋਏ ਦਸ ਸੁਰੱਖਿਆ ਜਵਾਨਾਂ ਸਮੇਤ ਪੰਜਾਬ ਅੰਦਰ ਅਤਿਵਾਦ ਦੌਰਾਨ ਸ਼ਹਾਦਤਾਂ ਪਾਉਣ ਵਾਲੇ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਯਾਦ ਨੂੰ ਸਮਰਪਤ ਸਮਾਗਮ ਅੱਜ ਇਥੇ ਪੁਲੀਸ ਲਾਈਨ ਵਿੱਚ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਖੂਨਦਾਨ ਕੀਤਾ। ਖੂਨਦਾਨਦਾਨੀਆਂ ’ਚ ਆਈਜੀ ਜਤਿੰਦਰ ਸਿੰਘ ਔਲਖ ਵੀ ਸ਼ਾਮਲ ਸਨ।
ਡੀਐੱਸਪੀ (ਐੱਚ) ਗੁਰਦੇਵ ਸਿੰਘ ਧਾਲੀਵਾਲ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਕੀਤੀ, ਜਦਕਿ ਆਈਜੀ ਜਤਿੰਦਰ ਔਲਖ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ‘ਤੇ ਜਿੱਥੇ ਸ਼ਹੀਦਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ, ਉਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਜਾਂਬਾਜ਼ ਯੋਧਿਆ ਦੀਆਂ ਕੁਰਬਾਨੀਆਂ ਅਤੇ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਫਾਜ਼ਿਲਕਾ(ਪਰਮਜੀਤ ਸਿੰਘ): ਇਥੇ ਪੁਲੀਸ ਲਾਈਨ ਵਿੱਚ ਸ਼ਹੀਦ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਯਾਦਗਾਰ ’ਤੇ ਸ਼ਰਧਾਂਜਲੀ ਸਮਾਗਮ ਹੋਇਆ।
ਇਸ ਮੌਕੇ ਐੱਸਐੱਸਪੀ ਹਰਜੀਤ ਸਿੰਘ ਨੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਫਾਜ਼ਿਲਕਾ ਜ਼ਿਲ੍ਹੇ ਦੇ 11 ਪੁਲੀਸ ਕਰਮਚਾਰੀਆਂ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁੁਸਕਿਲਾਂ ਵੀ ਸੁਣੀਆਂ ਗਈਆਂ ਅਤੇ ਉਨਾਂ ਦਾ ਸਨਮਾਨ ਵੀ ਕੀਤਾ ਗਿਆ।