‘ਟਰੈਵਲ ਏਜੰਟਾਂ ਵੱਲੋਂ ਐਮਰਜੈਂਸੀ ਕੋਟੇ ਦਾ ਗਲਤ ਇਸਤੇਮਾਲ ਨਾ ਹੋਣਾ ਯਕੀਨੀ ਬਣਾਇਆ ਜਾਵੇ’
ਨਵੀਂ ਦਿੱਲੀ: ਰੇਲਵੇ ਮੰਤਰਾਲੇ ਨੇ ਜ਼ੋਨਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਐਮਰਜੈਂਸੀ ਕੋਟੇ ਤਹਿਤ ਰੇਲਗੱਡੀਆਂ ਵਿੱਚ ਸੀਟ ਜਾਂ ਬਰਥ ਰਿਜ਼ਰਵੇਸ਼ਨ ਲਈ ਟਰੈਵਲ ਏਜੰਟ ਤੋਂ ਪ੍ਰਾਪਤ ਕਿਸੇ ਵੀ ਅਪੀਲ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਮੰਤਰਾਲੇ ਦਾ ਇਹ ਨਿਰਦੇਸ਼ ਇਸ ਕੋਟੇ ਦੇ ਗਲਤ ਇਸਤੇਮਾਲ ਸਬੰਧੀ ਆਈਆਂ ਸ਼ਿਕਾਇਤਾਂ ਤੋਂ ਬਾਅਦ ਆਇਆ ਹੈ। ਮੰਤਰਾਲੇ ਨੇ ਸਾਰੀਆਂ 17 ਰੇਲਵੇ ਜ਼ੋਨਾਂ ਦੇ ਪ੍ਰਮੁੱਖ ਚੀਫ਼ ਕਾਮਰਸ਼ੀਅਲ ਮੈਨੇਜਰਾਂ ਨੂੰ ਭੇਜੇ ਇਕ ਲਿਖਤ ਨਿਰਦੇਸ਼ ਵਿੱਚ ਕਿਹਾ, ‘‘ਐਮਰਜੈਂਸੀ ਕੋਟੇ ਤੋਂ ਅਣਅਧਿਕਾਰਤ ਤੌਰ ’ਤੇ ਸੀਟਾਂ ਦੀ ਵੰਡ ਕਰਨ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਇਸ ਦਫ਼ਤਰ ਦੇ ਧਿਆਨ ਵਿੱਚ ਲਿਆਂਦੇ ਗਏ ਹਨ।’’ ਮੰਤਰਾਲੇ ਨੇ ਐਮਰਜੈਂਸੀ ਕੋਟੇ ਤੋਂ ਸੀਟ ਅਲਾਟ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ 2011 ਵਿੱਚ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਅਤੇ ਜਦੋਂ ਵੀ ਉਸ ਨੂੰ ਇਸ ਦੇ ਗਲਤ ਇਸਤੇਮਾਲ ਬਾਰੇ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਉਹ ਮੁੜ ਤੋਂ ਇਹ ਦਿਸ਼ਾ-ਨਿਰਦੇਸ਼ ਸਬੰਧਤ ਅਧਿਕਾਰੀਆਂ ਨੂੰ ਭੇਜਦੇ ਹਨ ਤਾਂ ਜੋ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। -ਪੀਟੀਆਈ