ਸਰਕਾਰ ਦੇ ਭਰੋਸੇ ਮਗਰੋਂ ਟਰਾਂਸਪੋਰਟ ਕਾਮਿਆਂ ਦੀ ਹੜਤਾਲ ਖ਼ਤਮ
ਪੀ ਆਰ ਟੀ ਸੀ ਨੂੰ 90 ਲੱਖ ’ਚ ਪਈ ਦੋ ਰੋਜ਼ਾ ਹੜਤਾਲ; ਬੱਸਾਂ ਨਾ ਚੱਲਣ ਕਾਰਨ ਲੋਕ ਪ੍ਰੇਸ਼ਾਨ ਹੋਏ
ਟਰਾਂਸਪੋਰਟ ਕਾਮਿਆਂ ਨੇ ਮੰਗਾਂ ਦੀ ਪੂਰਤੀ ਬਾਰੇ ਮਿਲੇ ਲਿਖਤੀ ਭਰੋਸੇ ਮਗਰੋਂ ਅੱਜ ਸ਼ਾਮ ਆਪਣੀ ਹੜਤਾਲ ਖ਼ਤਮ ਕਰ ਦਿੱਤੀ। ਹੜਤਾਲੀ ਵਰਕਰਾਂ ਨੇ ਡਿੱਪੂਆਂ ’ਚ ਜਮ੍ਹਾਂ ਕਰਵਾਈਆਂ ਆਪਣੀਆਂ ਬੱਸਾਂ ਮੁੜ ਸੰਭਾਲ ਲਈਆਂ ਹਨ। ਇਸ ਦੌਰਾਨ ਭਾਵੇਂ ਯੂਨੀਅਨ ਵੱਲੋਂ ਹੜਤਾਲ ਦਾ 80 ਫ਼ੀਸਦ ਤੇ ਅਦਾਰਿਆਂ ਵੱਲੋਂ 25 ਫ਼ੀਸਦ ਅਸਰ ਰਹਿਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਕੱਤਰ ਕੀਤੇ ਗਏ ਵੇਰਵਿਆਂ ਮੁਤਾਬਕ ਹੜਤਾਲ ਦਾ 50 ਫ਼ੀਸਦ ਅਸਰ ਰਿਹਾ। ਅੱਜ ਦੂਜੇ ਦਿਨ ਮੀਂਹ ਕਰ ਕੇ ਲੋਕ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਹੋਏ।
ਸਰਕਾਰ ਵੱਲੋਂ ਭਾਵੇਂ ਬੱਸਾਂ ਤਾਂ ਚਲਾਈਆਂ ਗਈਆਂ, ਪਰ ਇਨ੍ਹਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘੱਟ ਹੋਣ ਕਰਕੇ ਭੀੜ ਵਧੇਰੇ ਰਹੀ ਅਤੇ ਬੱਸਾਂ ਭਰ ਕੇ ਚੱਲੀਆਂ। ਇਸ ਦੇ ਨਾਲ ਹੀ ਰੂਟਾਂ ਦੇ ਟਾਈਮ ਅੱਗੇ-ਪਿੱਛੇ ਹੋਣ ਕਾਰਨ ਵੀ ਲੋਕਾਂ ਨੂੰ ਆਪਣੀ ਮੰਜ਼ਿਲ ’ਤੇ ਪੁੱਜਣ ’ਚ ਮੁਸ਼ਕਲਾਂ ਆਈਆਂ। ਜਾਣਕਾਰੀ ਮੁਤਾਬਕ ਪੀ ਆਰ ਟੀ ਸੀ ਨੂੰ ਹੜਤਾਲ ਦੇ ਦੋ ਦਿਨਾਂ ਵਿੱਚ 80-90 ਲੱਖ ਦਾ ਘਾਟਾ ਪਿਆ ਹੈ। ਜਦਕਿ ਪ੍ਰਾਈਵੇਟ ਬੱਸ ਕੰਪਨੀਆਂ ਦੀ ਚਾਂਦੀ ਰਹੀ। ਦੂਜੇ ਪਾਸੇ ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਨੇ ਸਹਿਯੋਗ ਲਈ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਹੜਤਾਲ ਸਮਾਪਤ ਹੋਣ ਦੀ ਅਧਿਕਾਰਤ ਪੁਸ਼ਟੀ ਵੀ ਕੀਤੀ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਸਕੱਤਰ ਵਰੁਣ ਰੂਜਮ ਵੱਲੋਂ ਕਾਮਿਆਂ ਨੂੰ ਰੈਗੂਲਰ ਕਰਨ, ਵਿਭਾਗ ’ਚ ਕੰਟਰੈਕਟ ’ਤੇ ਲਿਆਉਣ, ਪਰਚੇ ਰੱਦ ਕਰਵਾ ਕੇ ਰਿਹਾਈ ਯਕੀਨੀ ਬਣਾਉਣ ਸਮੇਤ ਹੋਰ ਮੰਗਾਂ ਦੀ ਪੂਰਤੀ ਦਾ ਲਿਖਤੀ ਭਰੋਸਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸੂਬੇ ਭਰ ਤੋਂ ਆਏ ਸੈਂਕੜੇ ਡਰਾਈਵਰਾਂ-ਕੰਡਕਟਰਾਂ ਨੇ ਅੱਜ ਮੁਹਾਲੀ ਦੇ ਫ਼ੇਜ਼ ਛੇ ਦੇ ਅੰਤਰ-ਰਾਜੀ ਬੱਸ ਸਟੈਂਡ ਉਤੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਧਰਨਾਕਾਰੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਵੱਲੋਂ ਚੰਡੀਗੜ੍ਹ ਕੂਚ ਕਰਨ ਦੇ ਐਲਾਨ ਕਾਰਨ ਇੱਥੇ ਵੱਡੀ ਗਿਣਤੀ ਵਿਚ ਪੁਲੀਸ ਦੀ ਤਾਇਨਾਤੀ ਰਹੀ ਅਤੇ ਸਬੰਧਤ ਸੜਕ ਦੀ ਆਵਾਜਾਈ ਵੀ ਕੁੱਝ ਸਮਾਂ ਠੱਪ ਰਹੀ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਯੂਨੀਅਨ ਦੀ ਮੰਤਰੀ ਨਾਲ 14 ਅਗਸਤ ਨੂੰ ਮੀਟਿੰਗ ਤੈਅ ਕਰਾਉਣ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਦਿੱਤਾ। ਉਨ੍ਹਾਂ ਹੜਤਾਲ ਨੂੰ ਵਾਪਸ ਲੈਣ ਦਾ ਐਲਾਨ ਕਰਦਿਆਂ ਬੱਸ ਸੇਵਾ ਤੁਰੰਤ ਬਹਾਲ ਕਰਨ ਦਾ ਵੀ ਐਲਾਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਅਤੇ ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਆਗੂਆਂ ਨਾਲ ਹੋਈ ਮੀਟਿੰਗ ਵਿਚ ਮੰਗਾਂ ਦਾ ਹੱਲ ਤੁਰੰਤ ਕੱਢਣ ਲਈ 10 ਦਿਨ ਦਾ ਸਮਾਂ ਮੰਗਿਆ ਗਿਆ ਸੀ। ਆਗੂਆਂ ਨੇ ਕਿਹਾ ਕਿ ਜੇਕਰ 14 ਅਗਸਤ ਤੱਕ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ 14 ਅਗਸਤ ਤੋਂ ਮੁੜ ਹੜਤਾਲ ਸ਼ੁਰੂ ਕਰਕੇ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ।
ਵਿੱਤ ਮੰਤਰੀ ਨਾਲ ਮੀਟਿੰਗ 14 ਨੂੰ
ਪੀ ਆਰ ਟੀ ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਲੋਕਾਂ ਦੀ ਸੁਵਿਧਾ ਲਈ ਅਦਾਰੇ ਵੱਲੋਂ ਬਦਲਵੇਂ ਪ੍ਰਬੰਧ ਕਰਕੇ ਸਾਰੇ ਵੱਡੇ ਰੂਟਾਂ ’ਤੇ ਬੱਸਾਂ ਚਲਾਈਆਂ ਗਈਆਂ। ਇਸ ਦੌਰਾਨ ਪਏ ਘਾਟੇ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਹੀ ਅੰਕੜੇ ਭਲਕ ਤੱਕ ਹੀ ਨਸ਼ਰ ਕੀਤੇ ਜਾ ਸਕਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਅਦਾਰਾ ਅਤੇ ਸਰਕਾਰ ਮੁਲਾਜ਼ਮਾਂ ਦੀ ਹਰ ਮੁਸ਼ਕਲ ਦੇ ਹੱਲ ਲਈ ਵਚਨਬੱਧ ਹੈ। ਹੜਤਾਲੀ ਮੁਲਾਜ਼ਮਾਂ ਨੂੰ ਮੰਗਾਂ ਬਾਬਤ ਪੱਤਰ ਜਾਰੀ ਹੋਣ ਦੀ ਪੁਸ਼ਟੀ ਕਰਦਿਆਂ ਜੁਨੇਜਾ ਨੇ ਕਿਹਾ ਕਿ ਇਸ ਸਬੰਧੀ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਵੱਲੋਂ 14 ਅਗਸਤ ਨੂੰ ਯੂਨੀਅਨ ਆਗੂਆਂ ਨਾਲ ਮੁੜ ਮੀਟਿੰਗ ਵੀ ਕੀਤੀ ਜਾਵੇਗੀ।

