ਵਿਧਾਇਕ ਨਾਲ ‘ਉਲਝਣ’ ਵਾਲੀ ਡਾਕਟਰ ਦਾ ਤਬਾਦਲਾ

ਵਿਧਾਇਕ ਨਾਲ ‘ਉਲਝਣ’ ਵਾਲੀ ਡਾਕਟਰ ਦਾ ਤਬਾਦਲਾ

ਮੋਗਾ ਸਿਵਲ ਹਸਪਤਾਲ ਵਿੱਚ ਮੀਟਿੰਗ ਕਰਦੇ ਹੋਏ ਪੀਸੀਐੱਮਐੱਸ ਤੇ ਹੋਰ ਜਥੇਬੰਦੀਆਂ ਦੇ ਆਗੂ।

ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਅਗਸਤ 

ਸਥਾਨਕ ਸਿਵਲ ਹਸਪਤਾਲ ਵਿੱਚ ਬੀਤੇ ਕੱਲ੍ਹ ਮੈਡੀਕਲ ਅਫ਼ਸਰ ਡਾ. ਰਿਤੂ ਜੈਨ ਨੂੰ ਵਿਧਾਇਕ ਨਾਲ ਪੰਗਾ ਲੈਣਾ ਮਹਿੰਗਾ ਪੈ ਗਿਆ ਹੈ। ਸਰਕਾਰ ਨੇ ਮਹਿਲਾ ਡਾਕਟਰ ਦਾ ਤਬਾਦਲਾ ਲੁਧਿਆਣਾ ਕਰ ਦਿੱਤਾ ਹੈ। ਦੂਜੇ ਪਾਸੇ ਵਿਧਾਇਕ ਨੇ ਲਿਖਤੀ ਸੰਦੇਸ਼ ਰਾਹੀਂ ਕਿਹਾ, ‘ਮੈਂ ਤਾਂ ਆਪਣਾ ਕਰੋਨਾ ਟੈਸਟ ਕਰਵਾਉਣ ਗਿਆ ਸੀ, ਬਦੋ-ਬਦੀ ਪੰਗਾ ਮੇਰੇ ਗਲ਼ ਪੈ ਗਿਆ।’ ਇਸ ਦੌਰਾਨ ਸਥਾਨਕ ਸਿਵਲ ਹਸਪਤਲ ਵਿੱਚ ਪੀਸੀਐੱਮਐੱਸ ਐਸੋਸੀਏਸ਼ਨ ਸੱਦੇ ’ਤੇ ਸਿਹਤ ਵਿਭਾਗ ਦੀਆਂ ਸਮੁੱਚੀਆਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਡਾਕਟਰ ਦੀ ਬਦਲੀ ਖ਼ਿਲਾਫ਼ ਸੰੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ 21 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕਰਕੇ ਸਰਕਾਰ ਨੂੰ ਮਸਲੇ ਦੇ ਹੱਲ ਲਈ ਚਾਰ ਦਿਨ ਦਾ ਸਮਾਂ ਦਿੱਤਾ ਗਿਆ ਹੈ। ਇਸ ਮਗਰੋਂ ਸੋਮਵਾਰ ਤੋਂ ਸਿਹਤ ਸੇਵਾਵਾਂ ਠੱਪ ਕਰਨ ਦੀ ਚਿਤਾਵਨੀ ਦਿੱਤੀ ਹੈ। ਡਾ. ਗਗਨਪ੍ਰੀਤ ਸਿੰਘ, ਕੁਲਬੀਰ ਸਿੰਘ ਢਿੱਲੋਂ ਅਤੇ ਗੁਰਬਚਨ ਸਿੰਘ ਕੰਗ ਨੇ ਆਖਿਆ ਕਿ ਵਿਧਾਇਕ ਡਾ. ਹਰਜੋਤ ਕਮਲ ਸਿੰਘ ਵੱਲੋਂ ਮਹਿਲਾ ਡਾਕਟਰ (ਗਜ਼ਟਿਡ ਅਫਸਰ) ਡਾ. ਰੀਤੂ ਜੈਨ ਨੂੰ ਜਨਤਕ ਤੌਰ ’ਤੇ ਕਥਿਤ ਅਪਮਾਨਿਤ ਕਰਨ ਅਤੇ ਰਾਤੋ ਰਾਤ ਬਦਲੀ ਕਰਵਾਉਣ ਤੋਂ ਉਨ੍ਹਾਂ ’ਚ ਰੋਸ ਹੈ। ਉਨ੍ਹਾਂ ਡਾ. ਰੀਤੂ ਜੈਨ ਦੀ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਤੇ ਆਖਿਆ ਕਿ ਵਿਧਾਇਕ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਕੇ ਆਪਣੇ ਕਥਿਤ ਮਾਨਸਿਕ ਦਿਵਾਲੀਏਪਣ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਖਿਆ ਕਿ ਭਲਕੇ 13 ਅਗਸਤ ਨੂੰ 10 ਤੋਂ 11 ਵਜੇ ਤੱਕ ਸੰਕੇਤਕ ਤਾਲਾਬੰਦੀ ਅਤੇ ਸਾਰੇ ਮੁਲਾਜ਼ਮ ਕਾਲੇ ਬਿੱਲੇ ਲਾ ਕੇ ਕੰਮ ਕਰਨਗੇ ਤੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। 14 ਅਗਸਤ ਨੂੰ 10 ਤੋਂ 12 ਵਜੇ ਦੋ ਘੰਟੇ ਦੀ ਤਾਲਾਬੰਦੀ ਕੀਤੀ ਜਾਵੇਗੀ। ਜੇਕਰ ਫਿਰ ਵੀ ਬਦਲੀ ਰੱਦ ਨਾ ਕੀਤੀ  ਅਤੇ ਵਿਧਾਇਕ ਵੱਲੋਂ ਜਨਤਕ ਮੁਆਫੀ ਨਾ ਮੰਗੀ ਤਾਂ ਸੋਮਵਾਰ ਤੋਂ ਸਾਰੇ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ।

ਮੈਂ ਲੜਨ ਨਹੀਂ ਗਿਆ ਸੀ: ਵਿਧਾਇਕ

ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਆਪਣੇ ਸੰਦੇਸ਼ ’ਚ ਕਿਹਾ, ‘ਚਲੋ ਜੀ ਮੈਨੂੰ ਗਲ਼ਤ ਫਹਿਮੀ ਹੋ ਸਕਦੀ ਹੈ, ਮੈਂ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਦੀ ਲੜਾਈ ਲੜਦੇ ਰਹਿਣਾ ਹੈ, ਸਹੀ ਜਾਂ ਗ਼ਲਤ ਮੇਰਾ ਪ੍ਰਮਾਤਮਾ ਤੇ ਲੋਕ ਜਾਣਦੇ ਹਨ।’ ਉਨ੍ਹਾਂ ਕਿਹਾ ਕਿ ਉਹ ਆਪਣਾ ਟੈਸਟ ਕਰਾਉਣ ਗਏ ਸਨ, ਲੜਨ ਨਹੀਂ। ਉਨ੍ਹਾਂ ਕਿਹਾ, ‘ਫਿਰ ਵੀ ਮੈਂ ਤਾਂ ਹੱਥ ਜੋੜ ਮੁਆਫ਼ੀ ਮੰਗਦਾ ਰਿਹਾ, ਮੈਡਮ ਹੀ ਬੋਲਣੋਂ ਨਹੀਂ ਹਟਦੇ ਸੀ, ਮੈਂ ਗੱਲਬਾਤ ਦੌਰਾਨ ਕੋਈ ਮਾੜੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ, ਬੱਸ ਇੰਨਾ ਜ਼ਰੂਰ ਕਿਹਾ ਸੀ ਕਿ ਉਹ ਉਨ੍ਹਾਂ ਲੋਕਾਂ ਦੀ ਮਦਦ ਕਰਨ ਜੋ ਛੇ ਮਹੀਨੇ ਤੋਂ ਇੱਥੇ ਫਸੇ ਹੋਏ ਹਨ।’’ ਵਿਧਾਇਕ ਨੇ ਸਿਹਤ ਵਿਭਾਗ ਨੂੰ ਨਿਸ਼ਾਨੇ ’ਤੇ ਲੈਂਦੇ ਆਖਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਹੈ ਕਿ ਕੋਵਿਡ-19 ਨਮੂਨੇ ਕਰਨ ਲਈ 3500 ਰੁਪਏ ਵੱਢੀ ਲਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਵੱਢੀ ਬਾਰੇ ਸਿਵਲ ਸਰਜਨ, ਫ਼ਰੀਦਕੋਟ ਨੂੰ ਵੀ ਪਤਾ ਹੈ ਅਤੇ ਸਿਹਤ ਵਿਭਾਗ ਦੇ ਸਕੱਤਰ ਕੋਲ ਵੀ ਭ੍ਰਿਸ਼ਟਾਚਾਰ ਦੀ ਸੂਚਨਾ ਪਹੁੰਚ ਚੁੱਕੀ ਹੈ।

ਵਿਧਾਇਕ ਨੂੰ ਸੋਸ਼ਲ ਮੀਡੀਆ ’ਤੇ ਘੇਰਿਆ

ਸਿਹਤ ਕਾਮਿਆਂ ਦੀ ਜਥੇਬੰਦੀ ਆਗੂ ਮਹਿੰਦਰਪਾਲ ਲੂੰਬਾ ਨੇ ਫੇਸਬੁੱਕ ’ਤੇ ਘੇਰਦਿਆਂ ਆਖਿਆ ਕਿ ਲੋਕ ਫੈਸਲਾ ਕਰਨ, ਕੌਣ ਸਹੀ ਕੌਣ ਗਲਤ? 2 ਅਗਸਤ ਨੂੰ ਵਿਧਾਇਕ ਦੀ ਸ਼ਿਫਾਰਿਸ਼ ’ਤੇ ਹਾਂਗਕਾਂਗ ਵਾਸੀ 75 ਲੋਕਾਂ ਦੇ ਕਰੋਨਾ ਟੈਸਟ ਡਾ. ਰੀਤੂ ਜੈਨ ਨੇ ਕੀਤੇ ਸਨ। ਇਸ ਦੌਰਾਨ ਟਰੂਨਾਟ ਮਸ਼ੀਨ ਸਾਰਾ ਦਿਨ ਤੇ ਸਾਰੀ ਰਾਤ ਚੱਲਣ ਕਾਰਨ ਗਰਮ ਹੋ ਕੇ ਸੜ ਗਈ। ਚਾਰ ਦਿਨ ਟੈਸਟਾਂ ਦਾ ਕੰਮ ਠੱਪ ਰਿਹਾ ਅਤੇ ਹੋਰ ਮਸ਼ੀਨ ਆਉਣ ’ਤੇ ਟੈਸਟ ਸ਼ੁਰੂ ਹੋਏ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All