ਪੰਜਾਬ ਸਰਕਾਰ ਨੇ ਅੱਜ ਵਿਰੋਧੀ ਪਾਰਟੀਆਂ ਵੱਲੋਂ ਸੂਬੇ ’ਤੇ ਵਧਦੇ ਕਰਜ਼ੇ ਦੇ ਬੋਝ ’ਤੇ ਰੌਲਾ ਪਾਉਣ ਤੋਂ ਇੱਕ ਦਿਨ ਬਾਅਦ ਇਹ ਗੱਲ ਕਬੂਲ ਕੀਤੀ ਹੈ ਕਿ ਸੂਬਾ ਸਰਕਾਰ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ ਵਿੱਚ 5300 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ ਪਰ ਨਾਲ ਇਹ ਵੀ ਕਿਹਾ ਹੈ ਕਿ ਇਹ ਕਰਜ਼ਾ ਪੁਰਾਣੇ ਕਰਜ਼ੇ ਨੂੰ ਉਤਾਰਨ ਲਈ ਚੁੱਕਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਮਈ ਮਹੀਨੇ ’ਚ 2500 ਕਰੋੜ ਦਾ ਨਵਾਂ ਕਰਜ਼ਾ ਚੁੱਕਿਆ ਜਾ ਰਿਹਾ ਹੈ ਜਦੋਂਕਿ ਅਪਰੈਲ ਮਹੀਨੇ ’ਚ 2800 ਕਰੋੜ ਦਾ ਲੋਨ ਲਿਆ ਸੀ।
ਵਿਰੋਧੀ ਧਿਰਾਂ ਨੇ ਕਰਜ਼ੇ ਦੇ ਮਾਮਲੇ ’ਤੇ ਸਰਕਾਰ ਨੂੰ ਘੇਰਿਆ ਸੀ। ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਰਫ਼ ਵਿਰਾਸਤੀ ਕਰਜ਼ੇ ਦੀ ਅਦਾਇਗੀ ਕਰਨ ਲਈ ਹੀ ਕਰਜ਼ਾ ਚੁੱਕਿਆ ਹੈ। ਇਹ ਕਰਜ਼ਾ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਸਮੇਂ ਪੰਜਾਬ ’ਤੇ ਚੜ੍ਹਿਆ ਸੀ। ਸ੍ਰੀ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਪਰੈਲ ਮਹੀਨੇ ’ਚ 2400 ਕਰੋੜ ਰੁਪਏ ਅਤੇ ਮਈ ਮਹੀਨੇ ’ਚ 800 ਕਰੋੜ ਰੁਪਏ ਦੀ ਮੂਲ ਕਰਜ਼ੇ ਦੀ ਰਕਮ ਵਾਪਸ ਕੀਤੀ ਹੈ।
ਇਸੇ ਤਰ੍ਹਾਂ ਵਿਰਾਸਤੀ ਕਰਜ਼ੇ ਦਾ ਵਿਆਜ ਵੀ ਮੋੜਿਆ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਵਿਰਾਸਤੀ ਕਰਜ਼ੇ ਦੇ ਵਿਆਜ ਵਜੋਂ ਅਪਰੈਲ ਮਹੀਨੇ ’ਚ 1987 ਕਰੋੜ ਰੁਪਏ ਅਤੇ ਮਈ ਮਹੀਨੇ ’ਚ 658 ਕਰੋੜ ਰੁਪਏ ਮੋੜੇ ਗਏ। ਸਰਕਾਰ ਪੁਰਾਣੇ ਕਰਜ਼ੇ ਦੀ ਅਦਾਇਗੀ ਕਰ ਕੇ ਅਤੇ ਕਰਜ਼ ਦਾ ਬੋਝ ਘਟਾ ਕੇ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਲਈ ਜੁਟੀ ਹੋਈ ਹੈ। ਵਿੱਤ ਵਿਭਾਗ ਅਨੁਸਾਰ ਸੂਬਾ ਸਰਕਾਰ ਨਿਰਧਾਰਤ ਕਰਜ਼ ਸੀਮਾ ’ਚ ਰਹਿ ਕੇ ਹੀ ਕਰਜ਼ਾ ਚੁੱਕ ਰਹੀ ਹੈ। ਚਾਲੂ ਵਿੱਤੀ ਵਰ੍ਹੇ ਦੌਰਾਨ ਮਾਰਕੀਟ ਉਧਾਰ ਜ਼ਰੀਏ 43,798.38 ਕਰੋੜ ਦਾ ਕਰਜ਼ਾ ਚੁੱਕਿਆ ਜਾਣਾ ਹੈ।

